Benazir Bhutto Death Anniversary: ਸਿਰਫ਼ 35 ਸਾਲ ਦੀ ਉਮਰ 'ਚ ਪਾਕਿਸਤਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਨ ਵਾਲੀ ਬੇਨਜ਼ੀਰ ਭੁੱਟੋ ਦੀ 27 ਦਸੰਬਰ 2007 ਨੂੰ ਇੱਕ ਆਤਮਘਾਤੀ ਹਮਲੇ 'ਚ ਮੌਤ ਹੋ ਗਈ ਸੀ। ਪਾਕਿਸਤਾਨ ਦੇ ਸਭ ਤੋਂ ਵੱਡੇ ਸਿਆਸੀ ਪਰਿਵਾਰ 'ਚ ਜਨਮੀ ਬੇਨਜ਼ੀਰ ਭੁੱਟੋ ਦੀ ਹੱਤਿਆ ਨੂੰ 15 ਸਾਲ ਬੀਤ ਚੁੱਕੇ ਹਨ ਪਰ ਹੁਣ ਤੱਕ ਉਨ੍ਹਾਂ ਦੀ ਹੱਤਿਆ ਦੇ ਪਿੱਛੇ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।
ਹਾਰਵਰਡ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹੀ ਆਜ਼ਾਦ ਖਿਆਲ ਬੇਨਜ਼ੀਰ ਨੇ ਜਦੋਂ ਪਾਕਿਸਤਾਨ ਦੀ ਰਾਜਨੀਤੀ 'ਚ ਕਦਮ ਰੱਖਿਆ ਤਾਂ ਉਹ ਸਿਰ ਢੱਕ ਕੇ ਲੋਕਾਂ ਦੇ ਸਾਹਮਣੇ ਆਈ। ਇਮਰਾਨ ਖ਼ਾਨ ਦੀ ਜੀਵਨੀ ਲਿਖਣ ਵਾਲੇ ਕ੍ਰਿਸਟੋਫਰ ਸੈਂਡਫੋਰਡ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਬੇਨਜ਼ੀਰ ਅਤੇ ਇਮਰਾਨ ਬਹੁਤ 'ਨੇੜੇ' ਸਨ, ਪਰ ਬਾਅਦ 'ਚ ਵੱਖ ਹੋ ਗਏ। ਆਓ ਜਾਣਦੇ ਹਾਂ ਬੇਨਜ਼ੀਰ ਭੁੱਟੋ ਦੇ ਜੀਵਨ ਨਾਲ ਜੁੜੀਆਂ ਕੁਝ ਅਜਿਹੀਆਂ ਹੀ ਕਹਾਣੀਆਂ।
ਵਿਰਸੇ 'ਚ ਮਿਲੀ ਸੀ ਸਿਆਸਤ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੇ ਘਰ 21 ਜੂਨ 1953 ਨੂੰ ਜਨਮੀ ਬੇਨਜ਼ੀਰ ਭੁੱਟੋ ਨੂੰ ਸਿਆਸਤ ਦਾ ਗੁਣ ਵਿਰਸੇ 'ਚ ਮਿਲਿਆ ਸੀ। ਜ਼ੁਲਫ਼ਕਾਰ ਅਲੀ ਭੁੱਟੋ ਨੂੰ ਪਾਕਿਸਤਾਨ 'ਚ ਕਾਇਦੇ-ਏ-ਆਜ਼ਮ ਜਿਨਾਹ ਵਾਂਗ ਕਾਇਦ-ਏ-ਆਵਾਮ ਕਿਹਾ ਜਾਂਦਾ ਸੀ। ਪਾਕਿਸਤਾਨ 'ਚ ਆਪਣੀ ਸ਼ੁਰੂਆਤੀ ਪੜ੍ਹਾਈ ਕਰਨ ਤੋਂ ਬਾਅਦ ਬੇਨਜ਼ੀਰ ਭੁੱਟੋ ਨੂੰ ਅਮਰੀਕਾ ਭੇਜ ਦਿੱਤਾ ਗਿਆ।
ਹਾਰਵਰਡ-ਆਕਸਫੋਰਡ ਵਿਖੇ ਪੜ੍ਹਾਈ ਦੇ ਨਾਲ ਰੰਗੀਨ ਪਾਰਟੀਆਂ ਦੀਆਂ ਕਹਾਣੀਆਂ
ਅਮਰੀਕਾ 'ਚ ਹਾਰਵਰਡ ਤੋਂ ਡਿਗਰੀ ਲੈਣ ਤੋਂ ਬਾਅਦ ਬੇਨਜ਼ੀਰ ਭੁੱਟੋ ਨੇ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ 'ਚ ਦਾਖਲਾ ਲਿਆ। ਇਸ ਦੌਰਾਨ ਬੇਨਜ਼ੀਰ ਦੀਆਂ ਤਸਵੀਰਾਂ ਪਾਕਿਸਤਾਨ ਦੇ ਸਿਆਸੀ ਹਲਕਿਆਂ 'ਚ ਕਾਫੀ ਸੁਰਖੀਆਂ ਬਟੋਰਦੀਆਂ ਸਨ। ਰੋਸ਼ਨ ਮਿਰਜ਼ਾ ਦੀ ਕਿਤਾਬ 'Indecent Correspondence: Secret Sex Life of Benazir Bhutto' 'ਚ ਬੇਨਜ਼ੀਰ ਭੁੱਟੋ ਦੇ ਕਈ ਮਰਦਾਂ ਨਾਲ ਸਰੀਰਕ ਸਬੰਧਾਂ ਦੇ ਦਾਅਵੇ ਕੀਤੇ ਗਏ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਬੇਨਜ਼ੀਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਹੁਤ ਕਰੀਬ ਸੀ। ਕਿਤਾਬ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਬੇਨਜ਼ੀਰ ਆਪਣੇ ਘਰ ਰੰਗੀਨ ਪਾਰਟੀਆਂ ਕਰਨ ਲਈ ਮਸ਼ਹੂਰ ਸੀ।
ਪਿਤਾ ਦੀ ਸਿਆਸੀ ਵਿਰਾਸਤ ਨੂੰ ਸੰਭਾਲਿਆ
ਪਾਕਿਸਤਾਨੀ ਫ਼ੌਜ ਦੇ ਮੁਖੀ ਜ਼ਿਆ-ਉਲ-ਹੱਕ ਨੇ ਜੁਲਾਈ 1977 'ਚ ਜ਼ੁਲਫਿਕਾਰ ਅਲੀ ਭੁੱਟੋ ਦਾ ਤਖਤਾ ਪਲਟ ਦਿੱਤਾ ਸੀ। ਭੁੱਟੋ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ 1978 'ਚ ਕਤਲ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਜ਼ੁਲਫਿਕਾਰ ਅਲੀ ਭੁੱਟੋ ਨੂੰ 4 ਅਪ੍ਰੈਲ 1979 ਨੂੰ ਫਾਂਸੀ ਦਿੱਤੀ ਗਈ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬੇਨਜ਼ੀਰ ਭੁੱਟੋ ਨੇ ਪਾਕਿਸਤਾਨ ਦੀ ਰਾਜਨੀਤੀ 'ਚ ਪ੍ਰਵੇਸ਼ ਕੀਤਾ। ਹਾਲਾਂਕਿ ਉਹ ਚਾਹੁੰਦੀ ਸੀ ਕਿ ਬੇਨਜ਼ੀਰ ਰਾਜਨੀਤੀ ਦੀ ਬਜਾਏ ਪਾਕਿਸਤਾਨ ਦੀ ਵਿਦੇਸ਼ ਸੇਵਾ 'ਚ ਸ਼ਾਮਲ ਹੋਣ। ਵਿਦੇਸ਼ 'ਚ ਪੜ੍ਹਾਈ ਕਰਕੇ ਬੇਨਜ਼ੀਰ ਦਾ ਹੱਥ ਉਰਦੂ 'ਚ ਤੰਗ ਸੀ।
1988 'ਚ ਪਾਕਿਸਤਾਨ ਦੀ ਪਹਿਲੀ ਮਹਿਲਾ ਪੀਐਮ
1988 'ਚ ਬੇਨਜ਼ੀਰ ਭੁੱਟੋ ਪਹਿਲੀ ਵਾਰ ਚੋਣਾਂ ਜਿੱਤ ਕੇ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣੀ, ਪਰ 2 ਸਾਲਾਂ ਦੇ ਅੰਦਰ ਹੀ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਉਨ੍ਹਾਂ ਦੀ ਸਰਕਾਰ ਨੂੰ ਬਰਖਾਸਤ ਕਰ ਦਿੱਤਾ। 1993 'ਚ ਉਹ ਇਕ ਵਾਰ ਫਿਰ ਤੋਂ ਚੋਣ ਲੜੇ ਅਤੇ ਫਿਰ ਪ੍ਰਧਾਨ ਮੰਤਰੀ ਬਣੇ। ਹਾਲਾਂਕਿ ਇਸ ਵਾਰ ਵੀ ਬੇਨਜ਼ੀਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਬੇਨਜ਼ੀਰ ਨੂੰ ਜੇਲ੍ਹ ਜਾਣਾ ਪਿਆ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੇਸ਼ ਛੱਡਣਾ ਪਿਆ।
ਮੁੜ ਪਾਕਿਸਤਾਨ ਪਰਤੀ ਤਾਂ ਮੌਤ ਉਡੀਕ ਰਹੀ ਸੀ
ਬੇਨਜ਼ੀਰ ਭੁੱਟੋ 2007 'ਚ ਪਾਕਿਸਤਾਨ ਦੇ ਕਮਜ਼ੋਰ ਲੋਕਤੰਤਰ ਨੂੰ ਮੁੜ ਸੁਰਜੀਤ ਕਰਨ ਲਈ ਵਾਪਸ ਪਰਤ ਆਈ। ਬੇਨਜ਼ੀਰ ਫਿਰ ਪਾਕਿਸਤਾਨ 'ਚ ਚੋਣ ਤਿਆਰੀਆਂ 'ਚ ਜੁੱਟ ਗਈ। ਚੋਣ ਪ੍ਰਚਾਰ 'ਚ ਪਾਕਿਸਤਾਨੀ ਫ਼ੌਜ ਦੇ ਨਾਲ-ਨਾਲ ਉਸ ਨੇ ਅੱਤਵਾਦੀ ਸੰਗਠਨਾਂ ਨੂੰ ਵੀ ਕਾਫੀ ਨਿਸ਼ਾਨਾ ਬਣਾਇਆ। ਬੀਬੀਸੀ ਦੀ ਇੱਕ ਰਿਪੋਰਟ ਅਨੁਸਾਰ ਓਵੇਨ ਬੇਨੇਟ ਜੋਨਸ ਨੇ ਆਪਣੀ ਕਿਤਾਬ 'ਦਿ ਭੁੱਟੋ ਡਾਇਨੇਸਟੀ: ਦਿ ਸਟ੍ਰਗਲ ਫਾਰ ਪਾਵਰ ਇਨ ਪਾਕਿਸਤਾਨ' ਵਿੱਚ ਲਿਖਿਆ ਹੈ ਕਿ ਉਸ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਆਈਐਸਆਈ ਦੇ ਮੁਖੀ ਮੇਜਰ ਜਨਰਲ ਨਦੀਮ ਤਾਜ ਨੇ ਬੇਨਜ਼ੀਰ ਭੁੱਟੋ ਨਾਲ ਮੁਲਾਕਾਤ ਕੀਤੀ ਅਤੇ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਦੀ ਹੱਤਿਆ ਦੀ ਸੰਭਾਵਨਾ ਪ੍ਰਗਟਾਈ ਸੀ।
ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਨ ਕਰਕੇ ਮੌਤ
27 ਦਸੰਬਰ 2007 ਨੂੰ ਬੇਨਜ਼ੀਰ ਭੁੱਟੋ ਰਾਵਲਪਿੰਡੀ 'ਚ ਇੱਕ ਚੋਣ ਰੈਲੀ ਤੋਂ ਵਾਪਸ ਆਉਣ ਸਮੇਂ ਉਹ ਆਪਣੀ ਕਾਰ ਦੇ ਸਨਰੂਫ ਤੋਂ ਬਾਹਰ ਨਿਕਲ ਕੇ ਲੋਕਾਂ ਦਾ ਸਵਾਗਤ ਕਰ ਰਹੀ ਸੀ। ਇਸ ਦੌਰਾਨ ਆਤਮਘਾਤੀ ਹਮਲਾ ਕਰਨ ਆਏ 15 ਸਾਲਾ ਬਿਲਾਲ ਨੇ ਨੇੜੇ ਤੋਂ ਉਸ ਦੇ ਸਿਰ 'ਚ ਗੋਲੀ ਮਾਰੀ ਅਤੇ ਫਿਰ ਆਪਣੇ ਆਪ ਨੂੰ ਉਡਾ ਲਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਪਾਕਿਸਤਾਨੀ ਫ਼ੌਜ, ਅੱਤਵਾਦੀ ਸੰਗਠਨ, ਪਤੀ ਜ਼ਰਦਾਰੀ 'ਤੇ ਦੋਸ਼
ਉਸ ਸਮੇਂ ਦੇ ਪਾਕਿਸਤਾਨੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ 'ਤੇ ਵੀ ਬੇਨਜ਼ੀਰ ਭੁੱਟੋ ਦੀ ਹੱਤਿਆ ਦਾ ਦੋਸ਼ ਲੱਗਾ ਸੀ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਮੰਨਿਆ ਸੀ ਕਿ ਭੁੱਟੋ ਦੀ ਹੱਤਿਆ 'ਚ ਪਾਕਿਸਤਾਨੀ ਅਦਾਰੇ ਮਤਲਬ ਫ਼ੌਜ ਦਾ ਹੱਥ ਹੋ ਸਕਦਾ ਹੈ। ਵੈਸੇ ਬੇਨਜ਼ੀਰ ਦੇ ਕਤਲ ਦਾ ਸ਼ੱਕ ਉਨ੍ਹਾਂ ਦੇ ਪਤੀ ਆਸਿਫ ਅਲੀ ਜ਼ਰਦਾਰੀ 'ਤੇ ਵੀ ਸੀ। ਦਰਅਸਲ, ਭੁੱਟੋ ਦੀ ਮੌਤ ਤੋਂ ਬਾਅਦ ਆਸਿਫ਼ ਅਲੀ ਜ਼ਰਦਾਰੀ ਪਾਕਿਸਤਾਨ ਦੇ ਰਾਸ਼ਟਰਪਤੀ ਬਣੇ ਸਨ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।