ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਆਲੂ ਦੇ ਚਿਪਸ ਖਾਣ 'ਚ ਬਹੁਤ ਹੀ ਸਵਾਦਿਸ਼ਟ ਹੁੰਦੇ ਹਨ। ਇਸ ਗੱਲ ਨੂੰ ਲੈ ਕੇ ਤੁਸੀਂ ਕਈ ਵਾਰ ਬੱਚਿਆਂ ਨੂੰ ਆਪਸ 'ਚ ਲੜਦੇ ਦੇਖਿਆ ਹੋਵੇਗਾ। ਹਾਲਾਂਕਿ ਜਦੋਂ ਅਸੀਂ ਵੱਡੇ ਹੁੰਦੇ ਹਾਂ ਤਾਂ ਇਹ ਚੀਜ਼ਾਂ ਸਾਡੇ ਉੱਤੇ ਇੰਨਾ ਜ਼ਿਆਦਾ ਪ੍ਰਭਾਵ ਨਹੀਂ ਪਾਉਂਦੀਆਂ ਹਨ। ਪਰ ਜੇਕਰ ਇਹ ਆਲੂ ਦੇ ਚਿਪਸ ਕਿਸੇ ਦੀ ਜਾਨ ਲਈ ਖ਼ਤਰਾ ਬਣ ਜਾਣ ਤਾਂ ਕੀ ਹੋਵੇਗਾ? ਦਰਅਸਲ, ਆਸਟ੍ਰੇਲੀਆ ਦੇ ਐਡੀਲੇਡ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪ੍ਰੇਮਿਕਾ ਆਪਣੇ ਬੁਆਏਫ੍ਰੈਂਡ 'ਤੇ ਸਿਰਫ਼ ਇਸ ਲਈ ਗੁੱਸੇ 'ਚ ਆ ਗਈ, ਕਿਉਂਕਿ ਉਸ ਨੇ ਉਸ ਦੇ ਪੈਕੇਟ 'ਚੋਂ ਚਿਪਸ ਖਾਣ ਦੀ ਕੋਸ਼ਿਸ਼ ਕੀਤੀ ਸੀ। ਤੁਸੀਂ ਵੀ ਇਹ ਘਟਨਾ ਬਾਰੇ ਸੁਣ ਕੇ ਹੈਰਾਨ ਹੋ ਗਏ ਹੋਵੋਗੇ ਅਤੇ ਸੋਚ ਰਹੇ ਹੋਵੋਗੇ ਕਿ ਇੰਨੀ ਨਾਰਾਜ਼ਗੀ ਸਿਰਫ਼ ਚਿਪਸ ਲਈ?
ਇਹ ਮਾਮਲਾ ਉਦੋਂ ਵੱਧ ਗਿਆ ਜਦੋਂ ਸ਼ਾਰਲੋਟ ਹੈਰੀਸਨ ਨਾਂਅ ਦੀ ਪ੍ਰੇਮਿਕਾ ਨੇ ਇਸ ਘਟਨਾ ਤੋਂ ਬਾਅਦ ਪ੍ਰੇਮੀ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਫਿਰ ਉਸ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਬੁਆਏਫ੍ਰੈਂਡ ਮੈਥਿਊ ਫਿਨ ਨੇ ਐਡੀਲੇਡ ਮੈਜਿਸਟ੍ਰੇਟ ਕੋਰਟ 'ਚ ਆਪਣੀ 42 ਸਾਲਾ ਪ੍ਰੇਮਿਕਾ ਹੈਰੀਸਨ ਖ਼ਿਲਾਫ਼ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਡੇਲੀਮੇਲ ਦੀ ਰਿਪੋਰਟ ਮੁਤਾਬਕ ਸ਼ਾਰਲੋਟ ਨੇ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਦੇ ਹੋਏ ਆਪਣੇ ਬੁਆਏਫ੍ਰੈਂਡ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
ਗਰਲਫਰੈਂਡ ਨੇ ਬੁਆਏਫ੍ਰੈਂਡ ਨੂੰ ਕਾਰ 'ਚੋਂ ਬਾਹਰ ਕੱਢਿਆ
ਫਿਨ ਨੇ ਅਦਾਲਤ ਨੂੰ ਦੱਸਿਆ ਕਿ ਇਹ ਘਟਨਾ 26 ਫਰਵਰੀ ਦੀ ਹੈ। ਉਹ ਇਕੱਠੇ ਸਫ਼ਰ ਕਰ ਰਹੇ ਸਨ। ਇਹ ਉਦੋਂ ਹੋਇਆ ਜਦੋਂ ਉਸ ਨੇ ਹੈਰੀਸਨ ਤੋਂ ਸਿਰਫ਼ ਇੱਕ ਚਿੱਪ ਮੰਗਣ ਦੀ ਗਲਤੀ ਕੀਤੀ। ਜਦੋਂ ਉਸ ਨੇ ਚਿਪਸ ਨਹੀਂ ਦਿੱਤੇ ਤਾਂ ਫਿਨ ਨੇ ਖੁਦ ਹੀ ਪੈਕੇਟ ਵਿੱਚੋਂ ਚਿਪਸ ਕੱਢ ਲਏ। ਜਿਸ ਤੋਂ ਬਾਅਦ ਹੈਰੀਸਨ ਨੂੰ ਗੁੱਸਾ ਆ ਗਿਆ। ਫਿਨ ਨੇ ਕਿਹਾ, "ਮੇਰੇ ਕੋਲ ਸਿਰਫ਼ ਇੱਕ ਚਿੱਪ ਸੀ। ਜਿਸ ਤੋਂ ਬਾਅਦ ਹੈਰੀਸਨ ਨੇ ਮੈਨੂੰ ਕਾਰ ਤੋਂ ਉਤਰਨ ਲਈ ਕਿਹਾ।"
ਹੈਰੀਸਨ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ 'ਚ ਉਸ ਨੂੰ ਹੱਥਕੜੀ 'ਚ ਅਦਾਲਤ 'ਚੋਂ ਬਾਹਰ ਕੱਢਦੇ ਦੇਖਿਆ ਜਾ ਸਕਦਾ ਹੈ। ਹੈਰੀਸਨ ਨੇ ਫਿਨ ਵੱਲੋਂ ਕੀਤੇ ਗਏ ਸਾਰੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ ਕਿ ਉਹ ਸਿਰਫ਼ ਉਸ ਦਿਨ ਫਿਨ ਦੀ ਮਦਦ ਕਰਨ ਆਈ ਸੀ, ਕਿਉਂਕਿ ਫਿਨ ਨੇ ਉਸ ਨੂੰ ਦੱਸਿਆ ਸੀ ਕਿ ਉਹ ਬਿਮਾਰ ਮਹਿਸੂਸ ਕਰ ਰਿਹਾ ਸੀ। ਹੈਰੀਸਨ ਨੇ ਮੈਜਿਸਟ੍ਰੇਟ ਅਦਾਲਤ ਨੂੰ ਦੱਸਿਆ ਕਿ ਉਹ ਫਿਨ ਨੂੰ ਹਸਪਤਾਲ ਲਿਜਾ ਰਹੀ ਸੀ। ਇਸ ਕਾਰਨ ਰਸਤੇ 'ਚ ਫਿਨ ਨੇ ਉਸ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਨੂੰ ਕਾਰ 'ਚੋਂ ਬਾਹਰ ਸੁੱਟਣਾ ਪਿਆ। ਕਈ ਰਿਪੋਰਟਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਕਾਰ ਪੁੱਠੀ ਦਿਸ਼ਾ 'ਚ ਜਾ ਰਹੀ ਸੀ ਅਤੇ ਇੱਕ ਹੋਰ ਗੱਡੀ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ।
ਹੈਰੀਸਨ ਨੂੰ ਮਿਲੀ ਜ਼ਮਾਨਤ
ਹੈਰੀਸਨ ਦੇ ਡਿਊਟੀ ਸੋਲਿਸੀਟਰ ਨੇ ਅਦਾਲਤ ਨੂੰ ਦੱਸਿਆ ਕਿ ਹੈਰੀਸਨ ਨੇ ਫਿਨ ਨੂੰ ਭੱਜਦਿਆਂ ਦੇਖਿਆ। ਫਿਰ ਉਸ ਨੇ ਨੌਰਵੁੱਡ ਥਾਣੇ ਜਾਣ ਲਈ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਜਦੋਂ ਉਸ ਨੇ ਅਚਾਨਕ ਬ੍ਰੇਕ ਦੀ ਬਜਾਏ ਐਕਸੀਲੇਟਰ 'ਤੇ ਪੈਰ ਰੱਖ ਦਿੱਤਾ। ਜਿਸ ਕਾਰਨ ਉਹ ਖੰਭੇ ਨਾਲ ਟਕਰਾ ਗਈ, ਜਿਵੇਂ ਕਿ ਸੀਸੀਟੀਵੀ ਫੁਟੇਜ 'ਚ ਦਿਖਾਈ ਦੇ ਰਿਹਾ ਹੈ। ਹਾਲਾਂਕਿ ਫਿਨ ਨੇ ਇਸ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਨੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਇਸ ਮਾਮਲੇ 'ਚ ਪ੍ਰੇਮਿਕਾ ਸ਼ਾਰਲੋਟ ਹੈਰੀਸਨ ਨੂੰ ਜ਼ਮਾਨਤ ਮਿਲ ਗਈ ਹੈ।