ਓਟਵਾ: ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵਲੋਂ ਹਾਲ ਹੀ 'ਚ ਹੈਰਾਨੀਜਨਕ ਅੰਕੜੇ ਜਾਰੀ ਕੀਤੇ ਗਏ ਹਨ। ਜਿਸ ਦੇ ਮੁਤਾਬਕ ਸਾਲ 2018 ਤੋਂ ਮਈ 2023 ਤੱਕ ਭਾਰਤੀ ਵਿਦਿਆਰਥੀਆਂ ਦੇ ਕੁੱਲ 7,528 ਸਟੱਡੀ ਪਰਮਿਟ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ। ਇਸ ਦੇ ਪਿੱਛੇ ਦਾ ਕਾਰਨ ਅਰਜ਼ੀਆਂ 'ਚ ਫਰਜ਼ੀ ਦਸਤਾਵੇਜ਼ ਸ਼ਾਮਲ ਹੋਣਾ ਦੱਸਿਆ ਜਾ ਰਿਹਾ ਹੈ। ਇਹਨਾਂ 'ਚੋਂ 595 ਅਰਜ਼ੀਆਂ ਨੂੰ ਇਸ ਸਾਲ ਨਾਮਨਜ਼ੂਰ ਕੀਤਾ ਗਿਆ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ  ਇੱਕ ਮਹੀਨੇ ਅੰਦਰ 195 ਮਾਮਲੇ ਸਾਹਮਣੇ ਆਏ ਹਨ, ਜਿਸ 'ਚ ਫਰਜ਼ੀ ਦਸਤਾਵੇਜ਼, ਗਲਤ, ਗੁੰਮਰਾਹਕੁੰਨ ਜਾਂ ਅਧੂਰੀ ਜਾਣਕਾਰੀ ਸ਼ਾਮਲ ਸੀ।


ਨਵੀਂ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਦੇ ਬੁਲਾਰੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, 'ਕੈਨੇਡਾ ਸਰਕਾਰ ਕਿਸੇ ਵੀ ਤਰ੍ਹਾਂ ਦੀ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਧੋਖਾਧੜੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ। ਅਸੀਂ ਆਪਣੇ ਇਮੀਗ੍ਰੇਸ਼ਨ ਨਿਯਮਾਂ ਨੂੰ ਬਰਕਰਾਰ ਰੱਖਣ ਅਤੇ ਧੋਖਾਧੜੀ ਅਤੇ ਗਲਤ ਬਿਆਨਬਾਜ਼ੀ ਤੋਂ ਸਾਡੇ ਸਿਸਟਮਾਂ ਦੀ ਰੱਖਿਆ ਕਰਨ ਲਈ ਵਚਨਬੱਧ ਹਾਂ।'


ਅੰਕੜਿਆਂ ਅਨੁਸਾਰ, ਜ਼ਿਆਦਾਤਰ ਅਰਜ਼ੀਆਂ A40(1)(a) ਤਹਿਤ ਰੱਦ ਕਰ ਦਿੱਤੀਆਂ ਗਈਆਂ ਸਨ। ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨ ਵਿੱਚ, ਇਮੀਗ੍ਰੇਸ਼ਨ ਅਤੇ ਰਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 40(1)(a) ਵਿੱਚ ਗਲਤ ਪੇਸ਼ਕਾਰੀ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਗਲਤ ਪੇਸ਼ਕਾਰੀ ਦੀਆਂ ਉਦਾਹਰਨਾਂ ਵਿੱਚ ਪਰਿਵਾਰ ਦੇ ਕਿਸੇ ਮੈਂਬਰ ਦਾ ਜ਼ਿਕਰ ਨਾਂ ਕਰਨਾ, ਪਰਿਵਾਰਕ ਸਥਿਤੀ ਵਿੱਚ ਤਬਦੀਲੀ ਦਾ ਜ਼ਿਕਰ ਨਾਂ ਕਰਨਾ ਜਾਂ ਜ਼ਗਾਰ ਦੇ ਤਜ਼ਰਬੇ ਵਾਲੇ ਝੂਠੇ ਦਸਤਾਵੇਜ਼ ਸ਼ਾਮਲ ਹਨ।


ਦੱਸਣਯੋਗ ਹੈ ਕਿ ਕੈਨੇਡਾ 'ਚ ਫਰਜ਼ੀ ਦਸਤਾਵੇਜਾਂ ਦੇ ਮਾਮਲੇ 'ਚ 700 ਤੋਂ ਵੱਧ ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ। ਵਿਦਿਆਰਥੀਆਂ ਨਾਲ ਠੱਗੀ ਕਰਨ ਵਾਲੇ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ 'ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਕੈਨੇਡਾ 'ਚ ਦਾਖਲ ਹੋਣ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Join Our Official Telegram Channel:
https://t.me/abpsanjhaofficial