ਡੈਟ੍ਰਾਇਟ (ਮਿਸ਼ੀਗਨ, ਅਮਰੀਕਾ): ਅਮਰੀਕਾ ਦੇ ਕੇਂਦਰੀ (ਫ਼ੈਡਰਲ) ਸਰਕਾਰੀ ਵਕੀਲਾਂ ਨੇ ਕੈਨੇਡਾ ਦੇ ਉਸ ਟਰੱਕ ਡਰਾਇਵਰ ਤਸਬੀਰ ਸਿੰਘ (32) ਵਿਰੁੱਧ ਲਾਏ ਨਸ਼ੇ ਦੀ ਸਮੱਗਲਿੰਗ ਦੇ ਦੋਸ਼ ‘ਹਾਲ ਦੀ ਘੜੀ’ ਵਾਪਸ ਲੈ ਲਏ ਹਨ ਤੇ ਇੰਝ ਉਹ ਬਰੀ ਹੋ ਗਿਆ ਹੈ। ਪਿਛਲੇ ਮਹੀਨੇ ਉਸ ਉੱਤੇ ਇੱਕ ਟਨ ਗਾਂਜਾ (Marijuana) ਸਮੱਗਲ ਕਰਨ ਦੇ ਦੋਸ਼ ਲਾਏ ਗਏ ਸਨ।


 

ਤਸਬੀਰ ਸਿੰਘ ਨੂੰ ਬੀਤੀ 7 ਜੁਲਾਈ ਨੂੰ ਡੈਟ੍ਰਾਇਟ ’ਚ ਅਮਰੀਕਾ ਦੇ ਬਾਰਡਰ ਏਜੰਟਾਂ ਨੇ ਗ੍ਰਿਫ਼ਤਾਰ ਕਰ ਲਿਆ ਸੀ ਕਿਉਂਕਿ ਉਸ ਦੇ ਟਰੱਕ ਵਿੱਚੋਂ 32 ਲੱਖ ਡਾਲਰ (23 ਕਰੋੜ 77 ਲੱਖ ਤੋਂ ਵੱਧ ਭਾਰਤੀ ਰੁਪਏ) ਮੁੱਲ ਦਾ 998 ਕਿਲੋਗ੍ਰਾਮ ਨਸ਼ੀਲਾ ਪਦਾਰਥ ਗਾਂਜਾ ਬਰਾਮਦ ਹੋਇਆ ਸੀ।

 

ਤਸਬੀਰ ਸਿੰਘ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸ ਨੇ ਕੈਨੇਡੀਅਨ ਸੂਬੇ ਉਨਟਾਰੀਓ ਦੇ ਨੌਰਥ ਯੌਰਕ ਤੋਂ ਮਾਲ ਦੀ ਖੇਪ ਚੁੱਕੀ ਸੀ, ਜੋ ਉਸ ਨੇ ਓਹਾਈਓ ਪਹੁੰਚਾਉਣੀ ਸੀ ਅਤੇ ਉਸ ਨੂੰ ਇਸ ਗੱਲ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਕਿ ਉਸ ਦੇ ਟਰੱਕ ਵਿੱਚ ਸਬੰਧਤ ਧਿਰ ਨੇ ਕੀ ਲੋਡ ਕੀਤਾ ਸੀ। ਤਸਬੀਰ ਸਿੰਘ ਦੇ ਵਕੀਲ ਐਲਨ ਮਾਈਕਲਜ਼ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਸੀ ਕਿ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦਾ ਹੋਇਆ ਉਹ ਟਰੱਕ ਵਿੱਚੋਂ ਹੇਠਾਂ ਵੀ ਨਹੀਂ ਉੱਤਰਿਆ ਸੀ, ਜਦੋਂ ਮਾਲ ਲੋਡ ਕੀਤਾ ਜਾ ਰਿਹਾ ਸੀ।

 

ਤਸਬੀਰ ਸਿੰਘ ਪਹਿਲੇ ਦਿਨ ਤੋਂ ਇਹੋ ਆਖਦਾ ਆ ਰਿਹਾ ਸੀ ਕਿ ਉਹ ਬੇਕਸੂਰ ਹੈ। ਉਸ ਦੇ ਵਕੀਲ ਐਲਨ ਨੇ ਦੱਸਿਆ ਕਿ ਦਰਅਸਲ, ਨਸ਼ਾ ਤਸਕਰਾਂ ਨੇ ਟਰੱਕ ਕੰਪਨੀ ਦੇ ਕੰਪਿਊਟਰਾਂ ਨੂੰ ਹੈਕ ਕਰ ਕੇ ਇੱਕ ਜਾਅਲੀ ਆਰਡਰ ਸ਼ੋਅ ਕਰ ਦਿੱਤਾ ਸੀ ਤੇ ਟਰਾਲੇ ਵਿੱਚ ਇੰਝ ਧੋਖੇ ਨਾਲ ਗਾਂਜਾ ਲੱਦ ਦਿੱਤਾ ਗਿਆ। ਵਕੀਲ ਨੇ ਕਿਹਾ ਕਿ ਉਸ ਦੇ ਮੁਵੱਕਿਲ ਨੂੰ ਇਸ ਬਾਰੇ ਬਿਲਕੁਲ ਕੋਈ ਜਾਣਕਾਰੀ ਨਹੀਂ ਸੀ ਕਿ ਉਸ ਦੇ ਟਰਾਲੇ ’ਤੇ ਕੀ ਕੁਝ ਲੱਦਿਆ ਗਿਆ ਹੈ।

 

ਬੀਤੀ 22 ਜੁਲਾਈ ਨੂੰ ਆਖ਼ਰ ਅਮਰੀਕਾ ਦੇ ਸਰਕਾਰੀ ਵਕੀਲ ਨੇ ਅਦਾਲਤ ’ਚ ਆਪਣੀ ਅਰਜ਼ੀ ਪਾਈ ਤੇ ਤਸਬੀਰ ਸਿੰਘ ਵਿਰੁੱਧ ਮਾਮਲਾ ਖ਼ਤਮ ਕਰਨ ਦੀ ਅਪੀਲ ਕੀਤੀ। ‘ਇੰਡੀਆ ਵੈਸਟ’ ਦੀ ਰਿਪੋਰਟ ਅਨੁਸਾਰ ਹੁਣ ਉਸ ਅਪੀਲ ’ਤੇ ਸੁਣਵਾਈ ਕਰਦਿਆਂ ਤਸਬੀਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।