China On Russia Ukraine War : ਸਾਲ ਤੋਂ ਵੱਧ ਸਮੇਂ ਤੋਂ ਜਾਰੀ ਰੂਸ-ਯੂਕਰੇਨ ਜੰਗ (Russia Ukraine War) ਨੂੰ ਲੈ ਕੇ ਚੀਨ ਨੇ ਵੱਡੀ ਗੱਲ ਕਹੀ ਹੈ। ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ (Qin Gang) ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਇਸ ਜੰਗ ਨੂੰ ਲੈ ਕੇ ਨਿਰਪੱਖ ਰਹੇਗਾ। ਉਨ੍ਹਾਂ ਕਿਹਾ, "ਅਸੀਂ ਜੰਗ ਵਿੱਚ ਕਿਸੇ ਵੀ ਪੱਖ ਨੂੰ ਹਥਿਆਰ ਮੁਹੱਈਆ ਨਹੀਂ ਕਰਵਾਵਾਂਗੇ ਅਤੇ ਫੌਜੀ ਸੰਪੱਤੀਆਂ ਦੇ ਨਿਰਯਾਤ 'ਤੇ ਵੀ ਪਾਬੰਦੀ ਲਗਾਵਾਂਗੇ।"

  

ਚੀਨ ਦੇ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਰੂਸ ਨਾਲ ਆਪਣੇ ਦੋਸਤਾਨਾ ਸਬੰਧ ਬਣਾਏ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਕਾਇਮ ਹੋਵੇ। ਹਾਲਾਂਕਿ ਉਨ੍ਹਾਂ ਨੇ ਸ਼ਾਂਤੀ ਸਥਾਪਤ ਕਰਨ ਦੀ ਚੀਨ ਦੀ ਯੋਜਨਾ ਬਾਰੇ ਕੋਈ ਗੱਲ ਨਹੀਂ ਕੀਤੀ।

 

ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਵੱਲੋਂ ਰੂਸ ਨੂੰ ਹਥਿਆਰ ਨਾ ਦੇਣ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਅਮਰੀਕਾ ਵਰਗੇ ਪੱਛਮੀ ਦੇਸ਼ਾਂ ਨੂੰ ਲਗਾਤਾਰ ਇਹ ਖਦਸ਼ਾ ਹੈ ਕਿ ਚੀਨ ਤੋਂ ਰੂਸ ਨੂੰ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ। ਇਸ ਦੇ ਨਾਲ ਹੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪਿਛਲੇ ਮਹੀਨੇ ਹੀ ਰੂਸ ਦੇ ਦੌਰੇ 'ਤੇ ਮਾਸਕੋ ਗਏ ਸਨ। ਜਿੱਥੇ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਉਸ ਮੁਲਾਕਾਤ ਵਿੱਚ ਦੋਵਾਂ ਦੇਸ਼ਾਂ ਦੀ ਦੋਸਤੀ ਦੇ ਕਸੀਦੇ ਵੀ ਪੜ੍ਹੇ ਸਨ।

 

ਗੁਪਤ ਦਸਤਾਵੇਜ਼ਾਂ ਵਿੱਚ ਦਾਅਵਾ - ਹਥਿਆਰਾਂ ਦੀ ਡਿਲਿਵਰੀ ਲਈ ਡੀਲ ਹੋਈ 


ਇੱਥੇ, ਅਮਰੀਕਾ ਦੇ ਲੀਕ ਹੋਏ ਦਸਤਾਵੇਜ਼ਾਂ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਚੀਨ ਨੇ ਯੂਕਰੇਨ ਯੁੱਧ ਲਈ ਰੂਸ ਨੂੰ ਹਥਿਆਰ ਭੇਜਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ 'ਚ ਅਮਰੀਕੀ ਗੁਪਤ ਦਸਤਾਵੇਜ਼ਾਂ ਦੇ ਸਬੰਧ 'ਚ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਮੁਤਾਬਕ 23 ਫਰਵਰੀ ਨੂੰ ਪਤਾ ਲੱਗਾ ਸੀ ਕਿ ਚੀਨ ਹੋਰ ਸਾਜ਼ੋ-ਸਾਮਾਨ ਦੀ ਆੜ 'ਚ ਰੂਸ ਨੂੰ ਹਥਿਆਰ ਦੇਣ ਜਾ ਰਿਹਾ ਹੈ।

ਚੀਨੀ ਵਿਦੇਸ਼ ਮੰਤਰੀ ਨੇ ਕਿਹਾ- ਕਿਸੇ ਵੀ ਪੱਖ ਦਾ ਸਮਰਥਨ ਨਹੀਂ ਕਰੇਗਾ


ਰੂਸ ਨੂੰ ਹਥਿਆਰ ਭੇਜਣ ਦੇ ਅਮਰੀਕਾ ਦੇ ਦਾਅਵੇ ਦਰਮਿਆਨ ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਚੀਨ ਯੂਕਰੇਨ ਯੁੱਧ ਲਈ ਰੂਸ ਨੂੰ ਹਥਿਆਰ ਨਹੀਂ ਦੇਵੇਗਾ। ਇਕ ਅੰਗਰੇਜ਼ੀ ਨਿਊਜ਼ ਪੋਰਟਲ ਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਜਰਮਨੀ ਦੇ ਵਿਦੇਸ਼ ਮੰਤਰੀ ਨਾਲ ਪ੍ਰੈੱਸ ਕਾਨਫਰੰਸ ਕਰਦੇ ਹੋਏ ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਉਹ ਰੂਸ-ਯੂਕਰੇਨ ਯੁੱਧ ਵਿਚ ਕਿਸੇ ਵੀ ਪੱਖ ਦਾ ਸਮਰਥਨ ਨਹੀਂ ਕਰਨਗੇ।