China Taiwan Tension : ਚੀਨ ਤੇ ਤਾਈਵਾਨ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਈਵਾਨ ਤੋਂ ਪਰਤਦੇ ਹੀ ਚੀਨ ਹੋਰ ਹਮਲਾਵਰ ਹੋ ਗਿਆ ਹੈ। ਵੀਰਵਾਰ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੇ ਤਾਇਵਾਨ ਦੇ ਆਲੇ-ਦੁਆਲੇ ਦੇ 6 ਖੇਤਰਾਂ 'ਚ ਫੌਜੀ ਅਭਿਆਸ ਸ਼ੁਰੂ ਕੀਤਾ।


ਚੀਨ ਨੇ ਇਸ ਫੌਜੀ ਅਭਿਆਸ ਦਾ ਨਾਂ 'ਲਾਈਵ ਫਾਇਰਿੰਗ' ਰੱਖਿਆ ਹੈ। ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਇਹ ਫੌਜੀ ਅਭਿਆਸ ਤਾਈਵਾਨੀ ਤੱਟ ਤੋਂ ਸਿਰਫ 16 ਕਿਲੋਮੀਟਰ ਦੂਰ ਕੀਤਾ ਜਾ ਰਿਹਾ ਹੈ। ਇਸ ਵਿੱਚ ਅਸਲ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਅਭਿਆਸ 7 ਅਗਸਤ ਨੂੰ ਚੱਲੇਗਾ। ਇਸ ਤੋਂ ਪਹਿਲਾਂ ਚੀਨ ਤਾਇਵਾਨ ਤੋਂ ਕਰੀਬ 100 ਕਿਲੋਮੀਟਰ ਦੂਰ ਇਹ ਡ੍ਰਿਲ ਕਰਦਾ ਸੀ। ਪਰ ਨੈਨਸੀ ਦੇ ਦੌਰੇ ਤੋਂ ਬਾਅਦ ਹੁਣ ਇਹ ਬਹੁਤ ਨੇੜੇ ਆ ਗਿਆ ਹੈ।



ਪੀਐੱਲਏ ਈਸਟਰਨ ਥੀਏਟਰ ਕਮਾਂਡ ਦੇ ਬੁਲਾਰੇ ਸੀਨੀਅਰ ਕਰਨਲ ਸ਼ੀ ਯੀ ਨੇ ਕਿਹਾ - ਫੌਜੀ ਅਭਿਆਸ ਦੌਰਾਨ ਲੰਬੀ ਰੇਂਜ ਦੀ ਲਾਈਵ ਫਾਇਰ ਸ਼ੂਟਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਿਜ਼ਾਈਲ ਦਾ ਪ੍ਰੀਖਣ ਵੀ ਕੀਤਾ ਜਾਵੇਗਾ। ਦੂਜੇ ਪਾਸੇ ਤਾਈਪੇ ਨੇ ਕਿਹਾ ਕਿ ਉਹ ਚੀਨ ਦੀ ਹਰ ਹਰਕਤ 'ਤੇ ਨਜ਼ਰ ਰੱਖ ਰਿਹਾ ਹੈ। ਜੇਕਰ ਜੰਗ ਆਉਂਦੀ ਹੈ ਤਾਂ ਅਸੀਂ ਤਿਆਰ ਹਾਂ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ- ਅਸੀਂ ਕਿਸੇ ਤਰ੍ਹਾਂ ਦਾ ਤਣਾਅ ਨਹੀਂ ਚਾਹੁੰਦੇ। ਦੇਸ਼ ਅਜਿਹੀ ਸਥਿਤੀ ਦੇ ਖਿਲਾਫ ਹੈ, ਜਿਸ ਨਾਲ ਵਿਵਾਦ ਪੈਦਾ ਹੁੰਦਾ ਹੈ। ਅਸੀਂ ਜੰਗ ਨਹੀਂ ਚਾਹੁੰਦੇ ਪਰ ਜੰਗ ਲਈ ਤਿਆਰ ਰਹਾਂਗੇ।


ਨਿਊਜ਼ ਏਜੰਸੀ ਏਐਫਪੀ ਮੁਤਾਬਕ 3 ਅਗਸਤ ਨੂੰ ਨੈਨਸੀ ਪੇਲੋਸੀ ਦੇ ਤਾਈਵਾਨ ਤੋਂ ਵਾਪਸ ਆਉਂਦੇ ਹੀ 27 ਚੀਨੀ ਲੜਾਕੂ ਜਹਾਜ਼ ਤਾਇਵਾਨ ਦੇ ਏਅਰ ਡਿਫੈਂਸ ਜ਼ੋਨ ਵਿੱਚ ਦਾਖ਼ਲ ਹੋ ਗਏ। ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਸੀ। ਚੀਨ ਅਮਰੀਕਾ ਨੂੰ ਧਮਕੀ ਦੇ ਰਿਹਾ ਸੀ।


ਉਹ ਨਹੀਂ ਚਾਹੁੰਦਾ ਸੀ ਕਿ ਪੇਲੋਸੀ ਤਾਈਵਾਨ ਜਾਵੇ। ਇਸ ਦੌਰਾਨ 2 ਅਗਸਤ ਨੂੰ ਨੈਨਸੀ ਤਾਈਵਾਨ ਪਹੁੰਚੀ। ਚੀਨ ਨੇ ਕਿਹਾ ਸੀ ਕਿ ਜੇਕਰ ਪੇਲੋਸੀ ਦਾ ਜਹਾਜ਼ ਤਾਇਵਾਨ ਵੱਲ ਗਿਆ ਤਾਂ ਉਹ ਉਸ 'ਤੇ ਹਮਲਾ ਕਰੇਗਾ। ਇਸ ਧਮਕੀ ਤੋਂ ਬਾਅਦ ਅਮਰੀਕੀ ਜਲ ਸੈਨਾ ਅਤੇ ਹਵਾਈ ਸੈਨਾ ਦੇ 24 ਐਡਵਾਂਸ ਲੜਾਕੂ ਜਹਾਜ਼ ਨੈਨਸੀ ਦੇ ਜਹਾਜ਼ ਨੂੰ ਲੈ ਕੇ ਚਲੇ ਗਏ।