Sri Lanka President Election: ਸ਼੍ਰੀਲੰਕਾ 'ਚ ਪਿਛਲੇ 3 ਮਹੀਨਿਆਂ ਤੋਂ ਆਰਥਿਕ ਅਤੇ ਸਿਆਸੀ ਸੰਕਟ ਜਾਰੀ ਹੈ। ਲੋਕ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਰਾਸ਼ਟਰਪਤੀ ਚੋਣ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਧਨੇ ਨੇ ਕਿਹਾ ਕਿ ਦੇਸ਼ 'ਚ 20 ਜੁਲਾਈ ਨੂੰ ਨਵੇਂ ਰਾਸ਼ਟਰਪਤੀ ਦੀ ਚੋਣ ਹੋਵੇਗੀ। ਇਸ ਤੋਂ ਪਹਿਲਾਂ ਗੋਟਾਬਾਯਾ 13 ਜੁਲਾਈ ਨੂੰ ਅਸਤੀਫਾ ਦੇਣਗੇ। ਸੰਸਦ ਦਾ ਸੈਸ਼ਨ 15 ਜੁਲਾਈ ਨੂੰ ਬੁਲਾਇਆ ਜਾਵੇਗਾ।  


ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਦੇਸ਼ ਛੱਡ ਕੇ ਜਾਣ ਦੇ ਕਿਆਸ ਲਗਾਏ ਜਾ ਰਹੇ ਸਨ। ਸਪੀਕਰ ਨੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਗੋਟਾਬਾਯਾ ਦੇਸ਼ ਵਿੱਚ ਹੈ। ਮਹਿੰਦਾ ਯਾਪਾ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਰਾਸ਼ਟਰਪਤੀ ਗੋਟਾਬਾਯਾ ਦੇਸ਼ ਛੱਡ ਕੇ ਭੱਜ ਗਏ ਹਨ। ਹਾਲਾਂਕਿ ਵਿਵਾਦ ਵਧਣ 'ਤੇ ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਦੇਸ਼ 'ਚ ਹਨ, ਮੈਂ ਗਲਤੀ ਨਾਲ ਪਹਿਲਾ ਬਿਆਨ ਦੇ ਦਿੱਤਾ ਸੀ। ਦੂਜੇ ਪਾਸੇ, ਸ੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸ ਮਹੀਨੇ ਦੂਜੀ ਵਾਰ ਇਸ ਗੱਲ ਨੂੰ ਸਾਫ਼-ਸਾਫ਼ ਰੱਦ ਕਰ ਦਿੱਤਾ ਕਿ ਭਾਰਤ ਨੇ ਕੋਲੰਬੋ ਵਿੱਚ ਆਪਣੀਆਂ ਫ਼ੌਜਾਂ ਭੇਜੀਆਂ ਹਨ।  


ਕੇਂਦਰੀ ਬੈਂਕ ਦੇ ਗਵਰਨਰ ਨੰਦਲਾਲ ਵੀਰਾਸਿੰਘੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੇਸ਼ ਵਿੱਚ ਸਿਆਸੀ ਸਥਿਰਤਾ ਨਹੀਂ ਬਣੀ ਤਾਂ IMF ਤੋਂ ਬੇਲਆਊਟ ਪੈਕੇਜ ਮਿਲਣ ਵਿੱਚ ਦੇਰੀ ਹੋ ਸਕਦੀ ਹੈ। ਦੱਸ ਦੇਈਏ ਸ਼੍ਰੀਲੰਕਾ 'ਚ ਸਰਬ ਪਾਰਟੀ ਸਰਕਾਰ ਬਣਨ ਤੋਂ ਬਾਅਦ ਵਿਕਰਮਸਿੰਘੇ ਸਰਕਾਰ ਦੇ ਮੰਤਰੀ ਵੀ ਅਸਤੀਫਾ ਦੇ ਦੇਣਗੇ। ਵਿਕਰਮਸਿੰਘੇ ਨੇ ਖੁਦ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸ਼੍ਰੀਲੰਕਾ 'ਚ ਵਿਰੋਧ ਪ੍ਰਦਰਸ਼ਨ ਤੇਜ਼ ਹੋਣ ਤੋਂ ਬਾਅਦ ਯੂਏਈ ਦੀ ਫਲਾਈਦੁਬਈ ਨੇ ਦੱਖਣੀ ਏਸ਼ੀਆਈ ਦੇਸ਼ ਲਈ ਆਪਣੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਏਅਰਲਾਈਨਜ਼ ਦੇ ਇੱਕ ਬਿਆਨ ਮੁਤਾਬਕ, ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ ਨੂੰ ਪੈਸੇ ਵਾਪਸ ਕਰ ਦਿੱਤੇ ਜਾਣਗੇ।