ਨਵੀਂ ਦਿੱਲੀ: ਰਾਫੇਲ ਜਹਾਜ਼ਾਂ ਦੀ ਖੇਪ ਭਾਰਤ ਆਉਣ ਲੱਗੀ ਹੈ ਪਰ ਇਨ੍ਹਾਂ ਜਹਾਜ਼ਾਂ ਦੇ ਸੌਦੇ ਨੂੰ ਲੈ ਕੇ ਸਵਾਲ ਉੱਠਣੇ ਅਜੇ ਬੰਦ ਨਹੀਂ ਹੋਏ। ਦੇਸ਼ 'ਚ ਚੋਣਾਵੀਂ ਮੁੱਦਾ ਬਣਨ ਤੋਂ ਲੈ ਕੇ ਵਿਰੋਧੀਆਂ ਦੇ ਤਮਾਮ ਇਲਜ਼ਾਮਾਂ ਤੋਂ ਗੁਜ਼ਰਦਿਆਂ ਰਾਫੇਲ ਸੌਦੇ ਨੂੰ ਕੋਰਟ ਤੋਂ ਹਰੀ ਝੰਡੀ ਮਿਲ ਚੁੱਕੀ ਹੈ। ਹੁਣ ਫਰਾਂਸ ਦੀ ਨਿਊਜ਼ ਵੈੱਬਸਾਈਟ ਮੀਡੀਆ ਪਾਰਟ ਨੇ ਰਾਫੇਲ ਪੇਪਰਸ ਨਾਂ ਦਾ ਆਰਟੀਕਲ ਪ੍ਰਕਾਸ਼ਤ ਕੀਤਾ ਹੈ। ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਸੌਦੇ 'ਚ ਭ੍ਰਿਸ਼ਟਾਚਾਰ ਹੋਇਆ ਹੈ।
ਰਿਪੋਰਟ ਮੁਤਾਬਕ ਰਾਫੇਲ ਲੜਾਕੂ ਜਹਾਜ਼ ਡੀਲ 'ਚ ਗੜਬੜੀ ਦਾ ਸਭ ਤੋਂ ਪਹਿਲਾਂ ਪਤਾ ਫਰਾਂਸ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ AFA ਨੂੰ 2016 'ਚ ਹੋਏ ਇਸ ਸੌਦੇ 'ਤੇ ਦਸਤਖਤ ਤੋਂ ਬਾਅਦ ਲੱਗਾ। AFA ਨੂੰ ਪਤਾ ਲੱਗਾ ਕਿ ਰਾਫੇਲ ਬਣਾਉਣ ਵਾਲੀ ਕੰਪਨੀ ਦਸੌ ਏਵੀਏਸ਼ਨ ਨੇ ਇਕ ਵਿਚੋਲੀਏ ਨੂੰ 10 ਲੱਖ ਯੂਰੋ ਦੇਣ ਦੀ ਰਜ਼ਾਮੰਦੀ ਬਣਾਈ ਸੀ। ਇਹ ਹਥਿਆਰ ਦਲਾਲ ਇਸ ਸਮੇਂ ਇਕ ਹੋਰ ਹਥਿਆਰ ਸੌਦੇ 'ਚ ਗੜਬੜੀ ਲਈ ਮੁਲਜ਼ਮ ਹੈ। ਹਾਲਾਂਕਿ AFA ਨੇ ਇਸ ਮਾਮਲੇ ਨੂੰ ਪ੍ਰੋਸਿਕਿਊਟਰ ਦੇ ਹਵਾਲੇ ਨਹੀਂ ਕੀਤਾ।
ਰਿਪੋਰਟ ਮੁਤਾਬਕ ਅਕਤੂਬਰ 2018 'ਚ ਫਰਾਂਸ ਦੀ ਪਬਲਿਕ ਪ੍ਰੋਸਿਕਿਊਸ਼ਨ ਏਜੰਸੀ PNF ਨੂੰ ਰਾਫੇਲ ਸੌਦੇ 'ਚ ਗੜਬੜੀ ਲਈ ਅਲਰਟ ਮਿਲਿਆ। ਇਸ ਦੇ ਨਾਲ ਹੀ ਲਗਪਗ ਉਸ ਸਮੇਂ ਫਰੈਂਚ ਕਾਨੂੰਨ ਦੇ ਮੁਤਾਬਕ ਦਸੌ ਏਵੀਏਸ਼ਨ ਦੇ ਆਡਿਟ ਦਾ ਵੀ ਸਮਾਂ ਹੋਇਆ। ਕੰਪਨੀ ਦੇ 2017 ਦੇ ਖਾਤਿਆਂ ਦੀ ਜਾਂਚ ਦੌਰਾਨ ਕਲਾਇੰਟ ਨੂੰ ਗਿਫਟ ਦੇ ਨਾਂਅ 'ਤੇ ਹੋਏ 508925 ਯੂਰੋ ਦੇ ਖਰਚ ਦਾ ਪਤਾ ਲੱਗਾ। ਇਹ ਸਮਾਨ ਹੋਰ ਮਾਮਲਿਆਂ 'ਚ ਦਰਜ ਖਰਚ ਦੇ ਮੁਕਾਬਲੇ ਕਿਤੇ ਜ਼ਿਆਦਾ ਸੀ।
ਰਿਪੋਰਟ 'ਚ ਦੱਸਿਆ ਗਿਆ ਕਿ ਇਸ ਖਰਚੇ 'ਤੇ ਮੰਗੇ ਗਏ ਸਪਸ਼ਟੀਕਰਨ ਤੇ ਦਸੌ ਏਵੀਏਸ਼ਨ ਨੇ AFA ਨੂੰ 30 ਮਾਰਚ 2017 ਦਾ ਬਿੱਲ ਮੁਹੱਈਆ ਕਰਾਇਆ ਜੋ ਭਾਰਤ ਦੀ DefSys Solutions ਵੱਲੋਂ ਦਿੱਤਾ ਗਿਆ ਸੀ। ਇਹ ਬਿੱਲ ਰਾਫੇਲ ਲੜਾਕੂ ਜਹਾਜ਼ ਦੇ 50 ਮਾਡਲ ਬਣਾਉਣ ਲਈ ਦਿੱਤੇ ਆਰਡਰ ਦੇ ਅੱਧੇ ਕੰਮ ਲਈ ਸੀ। ਇਸ ਕੰਮ ਲਈ ਪ੍ਰਤੀ ਨਗ 20, 357 ਯੂਰੋ ਦਾ ਬਿੱਲ ਦਿੱਤਾ ਗਿਆ।
ਅਕਤੂਬਰ 2018 ਦੇ ਮੱਧ 'ਚ ਇਸ ਖਰਚ ਬਾਰੇ ਪਤਾ ਲਾਉਣ ਤੋਂ ਬਾਅਦ AFA ਨੇ ਦਸੌ ਤੋਂ ਪੁੱਛਿਆ ਕਿ ਆਖਿਰ ਕੰਪਨੀ ਨੇ ਆਪਣੇ ਹੀ ਲੜਾਕੂ ਜਹਾਜ਼ ਦੇ ਮਾਡਲ ਕਿਉਂ ਬਣਵਾਏ ਤੇ ਇਸ ਲਈ 20 ਹਜ਼ਾਰ ਯੂਰੋ ਦੀ ਮੋਟੀ ਰਕਮ ਕਿਉਂ ਖਰਚ ਕੀਤੀ ਗਈ। ਇਸ ਦੇ ਨਾਲ ਹੀ ਸਵਾਲ ਪੁੱਛੇ ਗਏ ਕਿ ਕੀ ਇਕ ਛੋਟੀ ਕਾਰ ਦੇ ਆਕਾਰ ਦੇ ਇਹ ਮਾਡਲ ਕਦੇ ਬਣਾਏ ਜਾਂ ਕਿਤੇ ਲਾਏ ਵੀ ਗਏ?