ਲੰਦਨ : ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਮਾਨਤਾ-ਪ੍ਰਾਪਤ ਅਤੇ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੇ ਵਿਸ਼ਵ ਭਰ ਦੀਆਂ ਸਮੂਹ ਸਿੱਖ ਵਿੱਦਿਅਕ ਸੰਸਥਾਵਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਗੁਰਦੁਆਰਾ ਸਾਹਿਬਾਨ ਸਮੇਤ ਸਮੂਹ ਖਾਲਸਾ ਸਕੂਲਾਂ ਅਤੇ ਕਾਲਜਾਂ ਵਿੱਚ ਗੱਤਕੇ ਦੀ ਮੁਫ਼ਤ ਸਿਖਲਾਈ ਆਰੰਭ ਕਰਵਾਈ ਜਾਵੇ ਅਤੇ ਇਸ ਮਕਸਦ ਲਈ ਹਰ ਗੁਰਦੁਆਰੇ ਤੇ ਵਿੱਦਿਅਕ ਅਦਾਰੇ ਵਿੱਚ ਇੱਕ-ਇੱਕ ਗੱਤਕਾ ਕੋਚ ਵੀ ਭਰਤੀ ਕੀਤਾ ਜਾਵੇ ਤਾਂ ਜੋ ਹਰ ਮੁਲਕ ਵਿੱਚ ਗੱਤਕੇ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕੀਤਾ ਜਾ ਸਕੇ।
ਲੰਦਨ ਦੇ ਹੇਜ਼ ਸ਼ਹਿਰ ਵਿਚ ਸੇਫਟੈਕ ਵਾਲੇ ਸਰਬਜੀਤ ਸਿੰਘ ਗਰੇਵਾਲ ਵੱਲੋਂ ਗੱਤਕੇ ਬਾਰੇ ਚਰਚਾ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਗੱਲਬਾਤ ਦੌਰਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਦਾ ਮੁੱਖ ਉਦੇਸ਼ ਸਵੈ-ਰੱਖਿਆ ਦੀ ਖੇਡ ਗੱਤਕਾ ਨੂੰ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਸੈਫ਼ ਖੇਡਾਂ ਅਤੇ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ। ਇਸ ਮਕਸਦ ਦੀ ਪੂਰਤੀ ਲਈ ਵੱਧ ਤੋਂ ਵੱਧ ਦੇਸ਼ਾਂ ਵਿੱਚ ਗੱਤਕਾ ਟੀਮਾਂ ਬਣਾਈਆਂ ਜਾਣਗੀਆਂ ਅਤੇ ਉਨ੍ਹਾਂ ਮੁਲਕਾਂ ਵਿੱਚ ਹਰ ਸਾਲ ਨੈਸ਼ਨਲ ਪੱਧਰ ਦੇ ਟੂਰਨਾਮੈਂਟ ਕਰਵਾਏ ਜਾਣਗੇ। ਇਸੇ ਦੌਰਾਨ ਏਸ਼ੀਆ ਗੱਤਕਾ ਚੈਂਪੀਅਨਸ਼ਿੱਪ ਅਤੇ ਵਿਸ਼ਵ ਗੱਤਕਾ ਚੈਂਪੀਅਨਸ਼ਿੱਪ ਵੀ ਕਰਵਾਈ ਜਾਵੇਗੀ। ਅਜਿਹੀ ਸੰਗਠਿਤ ਯੋਜਨਾ ਤਹਿਤ ਗੱਤਕੇ ਦੀ ਮਕਬੂਲੀਅਤ ਵਧੇਗੀ ਅਤੇ ਗੱਤਕਾ ਖੇਡ ਨੂੰ ਕੌਮਾਂਤਰੀ ਪੱਧਰ ਉਤੇ ਮਾਨਤਾ ਪ੍ਰਾਪਤ ਖੇਡ ਦਾ ਦਰਜਾ ਪ੍ਰਾਪਤ ਹੋ ਸਕੇਗਾ।
ਗਰੇਵਾਲ ਨੇ ਕਿਹਾ ਕਿ ਗੱਤਕੇ ਨੂੰ ਉਲੰਪਿਕ ਖੇਡਾਂ ਤੱਕ ਲਿਜਾਣ ਦਾ ਸੁਫਨਾ ਸਮੁੱਚੇ ਮੁਲਕਾਂ ਵਿੱਚ ਚੱਲ ਰਹੇ ਗੁਰਦੁਆਰਾ ਸਾਹਿਬਾਨ, ਹਰ ਤਰ੍ਹਾਂ ਦੀਆਂ ਸਿੱਖ ਵਿੱਦਿਅਕ ਸੰਸਥਾਵਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਵੱਡੇ ਸਹਿਯੋਗ ਨਾਲ ਬਹੁਤ ਜਲਦ ਸਾਕਾਰ ਹੋ ਸਕਦਾ ਹੈ ਜੇਕਰ ਉਕਤ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਬਣਦੀ ਜ਼ਿੰਮੇਵਾਰੀ ਸਮਝ ਕੇ ਹਰ ਗੁਰਦੁਆਰੇ ਅਤੇ ਵਿੱਦਿਅਕ ਸੰਸਥਾ ਅੰਦਰ ਗੱਤਕਾ ਸਿਖਲਾਈ ਕੇਂਦਰ ਚਾਲੂ ਕੀਤੇ ਜਾਣ ਅਤੇ ਉੱਥੇ ਇੱਕ-ਇੱਕ ਗੱਤਕਾ ਕੋਚ ਭਰਤੀ ਕੀਤਾ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਅਜਿਹੇ ਟ੍ਰੇਨਿੰਗ ਸੈਂਟਰਾਂ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਕੋਚਾਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਹਰ ਸੰਭਵ ਮੱਦਦ ਕੀਤੀ ਜਾਵੇਗੀ।
ਓਧਰ ਅਜਨਾਲਾ ਵਿੱਚ ਥਾਣੇ 'ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਆਪਣੇ ਮੁਲਾਜ਼ਮਾਂ ਨੂੰ ਗੱਤਕਾ ਸਿਖਾਉਣ ਦੀ ਟ੍ਰੇਨਿੰਗ ਦਿੱਤੀ ਸੀ।