ਮੇਸਾ: ਅਮਰੀਕਾ 'ਚ 9/11 ਦੇ ਅੱਤਵਾਦੀ ਹਮਲੇ ਦੀ ਇਸ ਹਫ਼ਤੇ 20ਵੀਂ ਵਰ੍ਹੇਗੰਢ ਹੈ। ਇਸ ਮੌਕੇ ਉੱਥੇ ਰਹਿੰਦੇ ਸਿੱਖਾਂ ਦੀਆਂ ਸਮੱਸਿਆਵਾਂ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ। ਅਮਰੀਕਾ 'ਚ 11 ਸਤੰਬਰ 2001 ਨੂੰ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਦੇ ਟਵਿਨ ਟਾਵਰਜ਼ 'ਤੇ ਹੋਏ ਅੱਤਵਾਦੀ ਹਮਲੇ ਦੇ 20 ਸਾਲ ਬੀਤਣ ਤੋਂ ਬਾਅਦ ਵੀ ਇੱਥੇ ਰਹਿੰਦੇ ਸਿੱਖ ਨੌਜਵਾਨ ਵਿਤਕਰੇ ਦਾ ਸਾਹਮਣਾ ਕਰ ਰਹੇ ਹਨ।
ਆਪਣੀ ਪੱਗ ਤੇ ਦਾੜ੍ਹੀ ਕਾਰਨ ਉਨ੍ਹਾਂ ਨੂੰ ਅਮਰੀਕਾ 'ਚ ਕਈ ਥਾਵਾਂ 'ਤੇ ਨਫ਼ਰਤ ਭਰੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਅਨੁਸਾਰ ਸਾਲ 2020 'ਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ 67 ਮਾਮਲੇ ਸਾਹਮਣੇ ਆਏ, ਜੋ 2015 ਤੋਂ ਬਾਅਦ ਸਭ ਤੋਂ ਵੱਧ ਹਨ।
ਸਿੱਖ ਕਾਰੋਬਾਰੀ ਬਲਬੀਰ ਸਿੰਘ ਸੋਢੀ ਦਾ 11 ਸਤੰਬਰ 2001 ਦੀ ਘਟਨਾ ਦੇ 4 ਦਿਨ ਬਾਅਦ ਅਰੀਜ਼ੋਨਾ 'ਚ ਕਤਲ ਕਰ ਦਿੱਤਾ ਗਿਆ ਸੀ। ਦੋਸ਼ੀ ਨੇ ਉਨ੍ਹਾਂ ਨੂੰ ਅਰਬ ਦਾ ਮੁਸਲਮਾਨ ਸਮਝ ਲਿਆ ਸੀ। ਅੱਤਵਾਦੀ ਹਮਲੇ ਦੀ 20ਵੀਂ ਵਰ੍ਹੇਗੰਢ 'ਤੇ ਨੌਜਵਾਨ ਸਿੱਖਾਂ ਦਾ ਕਹਿਣਾ ਹੈ ਕਿ ਭਾਈਚਾਰੇ ਵਿਰੁੱਧ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਨਾਲ ਨਜਿੱਠਣ ਲਈ ਸਿਸਟਮ ਨੂੰ ਬਹੁਤ ਸੁਧਾਰਾਂ ਦੀ ਲੋੜ ਹੈ। ਐਫਬੀਆਈ ਨੇ ਵੀ ਸਾਲ 2015 ਤਕ ਖ਼ਾਸ ਕਰਕੇ ਸਿੱਖਾਂ ਵਿਰੁੱਧ ਹਿੰਸਾ ਦੇ ਮਾਮਲਿਆਂ ਦੀ ਨਿਗਰਾਨੀ ਨਹੀਂ ਕੀਤੀ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੀ ਇਨ੍ਹਾਂ ਘਟਨਾਵਾਂ ਨੂੰ ਰੋਕਣ 'ਚ ਅਸਫਲ ਰਹੀਆਂ।
ਸਿੱਖਾਂ ਦੀ ਪੈਰੋਕਾਰ ਸੰਸਥਾ ਸਿੱਖ ਕੋਲੀਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਸਤਜੀਤ ਕੌਰ ਨੇ ਕਿਹਾ, "ਇਹ ਜ਼ਿੰਮੇਵਾਰੀ ਸਾਡੇ ਜਿਹੇ ਸਿੱਖ ਸੰਗਠਨਾਂ 'ਤੇ ਪਾ ਦਿੱਤੀ ਗਈ ਹੈ ਕਿ ਅਸੀਂ ਸਮੱਸਿਆਵਾਂ ਦੀ ਪਛਾਣ ਕਰੀਏ ਤੇ ਸਮਰਥਨ ਜੁਟਾਈਏ।" ਅੱਤਵਾਦੀ ਹਮਲੇ ਤੋਂ ਬਾਅਦ ਇਹ ਸੰਗਠਨ ਹੋਂਦ 'ਚ ਆਇਆ ਸੀ। ਇਸ ਦੇ ਗਠਨ ਦੇ ਕੁਝ ਮਹੀਨਿਆਂ 'ਚ ਹੀ ਹਿੰਸਾ ਤੇ ਵਿਤਕਰੇ ਦੀਆਂ 300 ਮਾਮਲਿਆਂ ਦੀ ਸੂਚੀ ਤਿਆਰ ਕੀਤੀ ਸੀ।
ਕੈਲੀਫ਼ੋਰਨੀਆ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਤੇਜਪਾਲ ਬੈਨੀਵਾਲ ਨੇ ਕਿਹਾ ਕਿ ਆਸ਼ਾਵਾਦ ਤੁਹਾਨੂੰ ਇਨ੍ਹਾਂ ਵਿੱਚੋਂ ਬਾਹਰ ਨਿਕਲਣ 'ਚ ਮਦਦ ਕਰ ਸਕਦਾ ਹੈ, ਪਰ ਕਈ ਵਾਰ ਤੁਹਾਨੂੰ ਕੌੜੀ ਸੱਚਾਈ ਨੂੰ ਰੇਖਾਂਕਿਤ ਕਰਨਾ ਪੈਂਦਾ ਹੈ। ਬੈਨੀਵਾਲ ਨੇ ਮੰਨਿਆ ਕਿ ਉਨ੍ਹਾਂ ਨੂੰ ਸਕੂਲਾਂ 'ਚ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਤੇ ਬਹੁਤ ਸਾਰੇ ਵਿਦਿਆਰਥੀ ਉਨ੍ਹਾਂ ਦੀ ਪੱਗ ਨੂੰ ਵੇਖ ਕੇ ਟਿੱਪਣੀਆਂ ਕਰਦੇ ਸਨ।