ਨਵੀਂ ਦਿੱਲੀ: ਪਿਛਲੇ ਹਫਤੇ ਬ੍ਰਿਟਿਸ਼ ਕੋਲੰਬੀਆ ਦੇ ਤਾਪਮਾਨ ਦਾ ਰਿਕਾਰਡ ਤੋੜਨ ਵਾਲੀ ਗੰਭੀਰ ਗਰਮੀ ਨੂੰ ਪੱਛਮੀ ਕੈਨੇਡਾ ਦੇ ਸਮੁੰਦਰੀ ਕੰਢੇ 'ਤੇ 100 ਮਿਲੀਅਨ ਤੋਂ ਵੀ ਜ਼ਿਆਦਾ ਸਮੁੰਦਰੀ ਜੀਵਾਂ ਦੀ ਮੌਤ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਪੰਜ ਦਿਨਾਂ ਦੀ ਭਿਆਨਕ ਗਰਮੀ ਦਾ ਪ੍ਰਭਾਵ ਉੱਤਰ-ਪੱਛਮੀ ਅਮਰੀਕਾ ਵਿੱਚ ਵੀ ਵੇਖਣ ਨੂੰ ਮਿਲਿਆ। ਵਿਗਿਆਨੀਆਂ ਦਾ ਕਹਿਣਾ ਹੈ ਕਿ ਤਾਪਮਾਨ ਇੰਨਾ ਵੱਧ ਗਿਆ ਕਿ ਇਹ ਸਮੁੰਦਰੀ ਜੀਵ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ ਤੇ ਮਰ ਗਏ। ਸਮੁੰਦਰੀ ਕੰਢਿਆਂ ਉਤੇ ਦੂਰ-ਦੂਰ ਤੱਕ ਸੀਪ ਤੇ ਘੌਗੇ ਦਿਖਾਈ ਦੇ ਰਹੇ ਹਨ।
ਗਰਮੀ ਦਾ ਅੰਦਾਜਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਸੜਕਾਂ 'ਤੇ ਤਰੇੜਾਂ ਆ ਗਈਆਂ ਤੇ ਘਰਾਂ ਦੀਆਂ ਕੰਧਾਂ ਵੀ ਪਿਘਲ ਗਈਆਂ ਸਨ। ਦੋ ਹਫ਼ਤਿਆਂ ਤਕ ਚੱਲੀ ਗੰਭੀਰ ਗਰਮੀ ਦੇ ਕਾਰਨ 100 ਮਿਲੀਅਨ ਤੋਂ ਵੱਧ ਸਮੁੰਦਰੀ ਜੀਵ ਪੱਛਮੀ ਅਮਰੀਕਾ ਤੇ ਕੈਨੇਡਾ ਦੇ ਨੇੜੇ ਸਮੁੰਦਰੀ ਤੱਟ ‘ਤੇ ਮਰੇ ਹੋਏ ਪਾਏ ਗਏ ਸਨ। ਇਸ ਦੌਰਾਨ ਸੈਂਕੜੇ ਲੋਕ ਆਪਣੀ ਜਾਨ ਗੁਆ ਬੈਠੇ ਤੇ ਸੈਂਕੜੇ ਜੰਗਲ ਅੱਗ ਦੀ ਲਪੇਟ ਵਿੱਚ ਆ ਗਏ। ਇਸ ਗਰਮੀ ਦਾ ਸਮੁੰਦਰੀ ਜੀਵਨ 'ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ।
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਜੀਵਲੋਜੀ ਵਿਭਾਗ ਦੇ ਪ੍ਰੋਫੈਸਰ ਕ੍ਰਿਸਟੋਫਰ ਹਾਰਲੇ ਦਾ ਮੰਨਣਾ ਹੈ ਕਿ ਰਿਕਾਰਡ ਤੋੜ ਗਰਮੀ ਕਾਰਨ ਇੱਕ ਅਰਬ ਤੋਂ ਜ਼ਿਆਦਾ ਸਮੁੰਦਰੀ ਜਾਤੀਆਂ ਦੀ ਮੌਤ ਹੋ ਗਈ ਹੈ। ਹਾਰਲੇ ਨੇ ਇੱਥੋਂ ਤਕ ਕਿਹਾ ਕਿ ਕਿਨਾਰੇ ਤੇ ਖਾਲੀ ਪਈਆਂ ਕਈ ਮੱਸਲੀਆਂ ਸਿੱਪੀਆਂ ਹਨ। ਜਦੋਂ ਅਸੀਂ ਬੀਚ 'ਤੇ ਤੁਰਦੇ ਹਾਂ ਇਹ ਮਰੇ ਹੋਏ ਜਾਨਵਰਾਂ 'ਤੇ ਤੁਰਨ ਵਰਗਾ ਹੈ।