Gangster Amarpreet Samra Murder: ਗੈਂਗਸਟਰ ਅਮਰਪ੍ਰੀਤ ਸਮਰਾ ਉਰਫ 'ਚੱਕੀ' ਦੇ ਕਤਲ ਬਾਰੇ ਪੁਲਿਸ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਅਨੁਸਾਰ ਅਮਰਪ੍ਰੀਤ ਸਮਰਾ ਫਿਰੌਤੀਆਂ, ਡਕੈਤੀਆਂ ਤੇ ਅਗਵਾ ਆਦਿ ਕਈ ਜੁਰਮਾਂ ਵਿੱਚ ਸ਼ਾਮਲ ਸੀ। ਕੁਝ ਮਹੀਨੇ ਪਹਿਲਾਂ ਉਹ ਜੇਲ੍ਹ ’ਚੋਂ ਬਾਹਰ ਆਇਆ ਸੀ। ਮਈ 2021 ਵਿੱਚ ਮਾਰੇ ਗਏ ਜੇਲ੍ਹ ਅਫਸਰ ਬਿਕਰਮਦੀਪ ਰੰਧਾਵਾ ਦਾ ਘਰ ਅਮਰਪ੍ਰੀਤ ਸਮਰਾ ਦੇ ਗੁਆਂਢ ਵਿੱਚ ਹੋਣ ਕਰਕੇ ਪੁਲਿਸ ਨੂੰ ਸ਼ੱਕ ਸੀ ਕਿ ਉਸ ਦੇ ਕਤਲ ਪਿੱਛੇ ਸਮਰਾ ਦਾ ਹੀ ਹੱਥ ਸੀ। ਪੁਲਿਸ ਹੁਣ ਤਕ ਇਸ ਦੇ ਸਬੂਤ ਇਕੱਠੇ ਕਰ ਰਹੀ ਸੀ।


ਦੱਸ ਦਈਏ ਕਿ ਵੈਨਕੂਵਰ ਵਿੱਚ ਕਈ ਸਾਲਾਂ ਤੋਂ ਚੱਲ ਰਹੀ ਗੈਂਗਵਾਰ ਦਰਮਿਆਨ ਲੰਘੇ ਦਿਨ ਗੈਂਗਸਟਰ ਅਮਰਪ੍ਰੀਤ (ਚੱਕੀ) ਸਮਰਾ (28) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਾਤਲਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਕੁਝ ਦੂਰੀ ’ਤੇ ਜਾ ਕੇ ਆਪਣੀ ਕਾਰ ਨੂੰ ਅੱਗ ਲਾ ਦਿੱਤੀ ਸੀ। ਇਸ ਘਟਨਾ ਦੀ ਕੈਨੇਡਾ ਵਿੱਚ ਕਾਫੀ ਚਰਚਾ ਹੋ ਰਹੀ ਹੈ।


ਹਾਸਲ ਜਾਣਕਾਰੀ ਅਨੁਸਾਰ ਵੈਨਕੂਵਰ ਦੇ ਫਰੇਜ਼ਰ ਵਿਊ ਹਾਲ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ, ਜਿਸ ਵਿੱਚ ਅਮਰਪ੍ਰੀਤ ਸਮਰਾ ਤੇ ਉਸ ਦਾ ਵੱਡਾ ਭਰਾ ਰਵਿੰਦਰ ਸਮਰਾ ਸ਼ਾਮਲ ਸਨ। ਦੋਵੇਂ ਡੀਜੇ ਉਤੇ ਭੰਗੜਾ ਪਾ ਰਹੇ ਸਨ। ਇਸ ਤੋਂ ਕੁਝ ਮਿੰਟਾਂ ਬਾਅਦ ਜਿਵੇਂ ਹੀ ਅਮਰਪ੍ਰੀਤ ਸਮਰਾ ਹਾਲ ’ਚੋਂ ਬਾਹਰ ਨਿਕਲਿਆ ਤਾਂ ਕਿਸੇ ਨੇ ਉਸ ਉੱਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਉਸ ਦੀ ਮੌਕੇ ’ਤੇ ਮੌਤ ਹੋ ਗਈ। 


ਪੁਲਿਸ ਦੀ ਬੁਲਾਰੀ ਤਾਨੀਆ ਵਿੰਸਟਨ ਨੇ ਦੱਸਿਆ ਕਿ ਮੁੱਢਲੇ ਵੇਰਵਿਆਂ ਅਨੁਸਾਰ ਇਹ ਹੱਤਿਆ ਦੋ ਗਰੋਹਾਂ ਦੀ ਪੁਰਾਣੀ ਦੁਸ਼ਮਣੀ ਦਾ ਨਤੀਜਾ ਹੈ। ਤਾਨੀਆ ਨੇ ਵਿਆਹ ਵਿੱਚ ਸ਼ਾਮਲ ਵਿਅਕਤੀ ਦੇ ਹਵਾਲੇ ਨਾਲ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਇੱਕ ਹਮਲਾਵਰ ਹਾਲ ਦੇ ਅੰਦਰ ਆਇਆ ਤੇ ਭੰਗੜਾ ਬੰਦ ਕਰਨ ਲਈ ਕਿਹਾ। ਉਸ ਦੇ ਹੱਥ ਵਿੱਚ ਮਸ਼ੀਨ ਗੰਨ ਵੇਖ ਕੇ ਵਿਆਹ ਵਿੱਚ ਸ਼ਾਮਲ 50-60 ਲੋਕ ਭੱਜ ਕੇ ਕੰਧਾਂ ਓਹਲੇ ਜਾ ਲੁਕੇ। 


ਉਨ੍ਹਾਂ ਦੱਸਿਆ ਕਿ ਕਾਤਲ ਸਭ ਨੂੰ ਵੰਗਾਰਦੇ ਹੋਏ ਬੜੇ ਆਰਾਮ ਨਾਲ ਅੰਦਰੋਂ ਬਾਹਰ ਚਲਾ ਗਿਆ। ਉਸ ਤੋਂ ਕੁਝ ਮਿੰਟਾਂ ਬਾਅਦ ਸਰੀ ਤੇ ਡੈਲਟਾ ਵਿਚਲੀ ਸੜਕ ਉੱਤੇ ਕਾਰ ਨੂੰ ਅੱਗ ਲਾਈ ਗਈ। ਪੁਲਿਸ ਦਾ ਮੰਨਣਾ ਹੈ ਕਿ ਦੋਸ਼ੀਆਂ ਨੇ ਉਹੀ ਕਾਰ ਵਾਰਦਾਤ ਸਥਾਨ ਤੋਂ ਭੱਜਣ ਲਈ ਵਰਤੀ ਹੋਵੇਗੀ ਤੇ ਪਹਿਲਾਂ ਵਾਂਗ ਸਬੂਤ ਖਤਮ ਕਰਨ ਲਈ ਉਸ ਨੂੰ ਸਾੜ ਦਿੱਤਾ।