Russia Ukraine Crisis: ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਭਾਰਤ ਦੇ ਸਟੈਂਡ ਨੂੰ ਲੈ ਕੇ ਦੇਸ਼-ਵਿਦੇਸ਼ 'ਚ ਕਾਫੀ ਚਰਚਾ ਹੋ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤ ਦੋਵਾਂ ਦੇਸ਼ਾਂ ਵਿੱਚੋਂ ਕਿਸੇ ਦਾ ਵੀ ਖੁੱਲ੍ਹ ਕੇ ਸਮਰਥਨ ਨਹੀਂ ਕਰਦਾ। ਭਾਰਤ ਨੇ ਯੂਕਰੇਨ ਸੰਕਟ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨਾਲ ਫੋਨ 'ਤੇ ਗੱਲ ਕੀਤੀ ਤੇ ਜੰਗ ਨੂੰ ਤੁਰੰਤ ਖਤਮ ਕਰਨ ਦੀ ਅਪੀਲ ਕੀਤੀ।


ਦੂਜੇ ਪਾਸੇ, ਭਾਰਤ ਨੇ ਵੀ ਯੂਕਰੇਨ 'ਤੇ ਰੂਸ ਦੇ ਹਮਲੇ ਵਿਰੁੱਧ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) 'ਚ ਪੇਸ਼ ਮਤੇ 'ਤੇ ਵੋਟਿੰਗ ਤੋਂ ਦੂਰੀ ਬਣਾ ਲਈ। ਇੱਕ ਪਾਸੇ ਜਿੱਥੇ ਪੂਰਾ ਯੂਰਪ ਤੇ ਪੱਛਮੀ ਦੇਸ਼ ਰੂਸ ਦੇ ਖਿਲਾਫ ਹੋ ਗਏ ਹਨ, ਉਥੇ ਭਾਰਤ ਅਜੇ ਵੀ ਆਪਣੀ ਸਥਿਤੀ ਨਿਰਪੱਖ ਰੱਖ ਰਿਹਾ ਹੈ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਉਹ ਕਿਹੜੇ ਕਾਰਨ ਹਨ, ਜਿਨ੍ਹਾਂ ਕਾਰਨ ਭਾਰਤ ਚਾਹ ਕੇ ਵੀ ਰੂਸ ਖਿਲਾਫ ਨਹੀਂ ਜਾ ਸਕਦਾ? ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਾਰਨ ਭਾਰਤ ਰੂਸ ਦਾ ਵਿਰੋਧ ਨਹੀਂ ਕਰ ਪਾ ਰਿਹਾ? ਆਓ ਜਾਣਦੇ ਹਾਂ ਇਸ ਬਾਰੇ-

1. ਭਾਰਤ ਇੱਕੋ ਸਮੇਂ ਦੋਵਾਂ ਪਾਸਿਆਂ ਤੋਂ ਆਪਣਾ ਸਮਰਥਨ ਪ੍ਰਗਟ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਭਾਰਤ ਨੇ ਪੂਰੇ ਮਾਮਲੇ 'ਚ ਕਿਸੇ ਦੇਸ਼ ਦਾ ਪੱਖ ਨਹੀਂ ਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਰੂਸ ਖਿਲਾਫ ਨਹੀਂ ਜਾਵੇਗਾ। ਉਂਝ ਜੇਕਰ ਅਮਰੀਕਾ ਰੂਸ 'ਤੇ ਪਾਬੰਦੀਆਂ ਲਾਉਂਦਾ ਹੈ ਤਾਂ ਭਾਰਤ ਲਈ ਰੂਸ ਤੋਂ ਹਥਿਆਰਾਂ ਦੀ ਦਰਾਮਦ 'ਚ ਕੁਝ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ। ਅਮਰੀਕਾ ਭਾਰਤ 'ਤੇ ਰੂਸ ਤੋਂ ਹਥਿਆਰਾਂ ਦੀ ਦਰਾਮਦ ਨਾ ਕਰਨ ਲਈ ਦਬਾਅ ਵਧਾ ਸਕਦਾ ਹੈ। ਇਸ ਦਾ ਸਿੱਧਾ ਅਸਰ ਭਾਰਤ ਤੇ ਰੂਸ ਵਿਚਾਲੇ S-400 ਮਿਜ਼ਾਈਲ ਡਿਫੈਂਸ ਸਿਸਟਮ ਡੀਲ (S-400 missile defense system) 'ਤੇ ਪੈ ਸਕਦਾ ਹੈ।

2. ਇੰਨਾ ਹੀ ਨਹੀਂ ਰੂਸ 'ਤੇ ਲਾਈਆਂ ਗਈਆਂ ਪਾਬੰਦੀਆਂ ਕਾਰਨ ਭਾਰਤ ਨੂੰ ਰੱਖਿਆ ਪ੍ਰਣਾਲੀ ਦੇ ਖੇਤਰ 'ਚ ਹੋਰ ਵੀ ਕਈ ਝਟਕਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਸਾਂਝੇ ਤੌਰ 'ਤੇ ਵਿਕਸਤ ਬ੍ਰਹਮੋਸ ਕਰੂਜ਼ ਮਿਜ਼ਾਈਲ ਦੇ ਨਿਰਯਾਤ, ਇੱਕੋ ਸਮੇਂ 4 ਜੰਗੀ ਜਹਾਜ਼ ਬਣਾਉਣ ਦਾ ਸਮਝੌਤਾ, ਰੂਸ ਤੋਂ Su-MKI ਤੇ MiG-29 ਲੜਾਕੂ ਜਹਾਜ਼ਾਂ ਦੀ ਖਰੀਦ 'ਤੇ ਵੀ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਦੇ ਰੂਪਪੁਰ ਵਿੱਚ ਪਰਮਾਣੂ ਊਰਜਾ ਪਲਾਂਟ ਦੇ ਨਿਰਮਾਣ ਲਈ ਭਾਰਤ ਤੇ ਰੂਸ ਦਾ ਸਾਂਝਾ ਪ੍ਰੋਜੈਕਟ ਵੀ ਮੁਸ਼ਕਲ ਵਿੱਚ ਪੈ ਸਕਦਾ ਹੈ।

3. ਹਾਲਾਂਕਿ, ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੀ ਦਖਲਅੰਦਾਜ਼ੀ ਨੂੰ ਰੋਕਣ ਲਈ ਅਮਰੀਕਾ ਨੂੰ ਰਣਨੀਤਕ ਤੌਰ 'ਤੇ ਭਾਰਤ ਦੇ ਨਾਲ ਹੋਣ ਦੀ ਲੋੜ ਹੈ। ਅਜਿਹੇ ਵਿੱਚ ਭਾਰਤ ਤੇ ਅਮਰੀਕਾ ਦੋਵੇਂ ਕਿਸੇ ਵੀ ਹਾਲਤ ਵਿੱਚ ਇੱਕ-ਦੂਜੇ ਤੋਂ ਦੂਰ ਜਾਣ ਦਾ ਜੋਖਮ ਨਹੀਂ ਉਠਾਉਣਾ ਚਾਹੁਣਗੇ। ਚੀਨ ਦੇ ਵਧੇ ਹੋਏ ਪ੍ਰਭਾਵ ਕਾਰਨ ਅਮਰੀਕਾ ਹਰ ਫਰੰਟ 'ਤੇ ਭਾਰਤ ਦਾ ਸਮਰਥਨ ਚਾਹੁੰਦਾ ਹੈ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਭਾਰਤ ਨੂੰ ਵੀ ਅਮਰੀਕੀ ਪਾਬੰਦੀਆਂ ਤੋਂ ਛੋਟ ਮਿਲ ਸਕਦੀ ਹੈ।

4. ਰੂਸ ਇਸ ਸਮੇਂ ਭਾਰਤ ਨੂੰ ਹਥਿਆਰਾਂ ਦਾ ਸਭ ਤੋਂ ਵੱਡਾ ਸਪਲਾਇਰ ਹੈ। ਘਰੇਲੂ ਰੱਖਿਆ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੇ ਭਾਰਤ ਦੇ ਫੈਸਲੇ ਕਾਰਨ ਰੂਸ ਤੋਂ ਦਰਾਮਦ ਕੀਤੇ ਜਾਣ ਵਾਲੇ ਰੱਖਿਆ ਉਪਕਰਨਾਂ ਦੇ ਹਿੱਸਾ ਵਿੱਚ ਯਕੀਨੀ ਤੌਰ 'ਤੇ ਕਮੀ ਜ਼ਰੂਰ ਆਈ ਹੈ, ਜੋ 70% ਤੋਂ ਘੱਟ ਕੇ 49% ਹੋ ਗਿਆ ਹੈ। ਇਸ ਦੇ ਬਾਵਜੂਦ ਰੂਸ ਇਸ ਸਮੇਂ ਭਾਰਤ ਨੂੰ ਹਥਿਆਰਾਂ ਦਾ ਸਭ ਤੋਂ ਵੱਡਾ ਸਪਲਾਇਰ ਹੈ। ਭਾਰਤ ਦੁਆਰਾ ਦਰਾਮਦ ਕੀਤੇ ਜਾਣ ਵਾਲੇ ਰੱਖਿਆ ਉਪਕਰਣਾਂ ਦਾ 60 ਪ੍ਰਤੀਸ਼ਤ ਰੂਸ ਤੋਂ ਆਉਂਦਾ ਹੈ। ਅਜਿਹੇ 'ਚ ਭਾਰਤ ਕਿਸੇ ਵੀ ਹਾਲਤ 'ਚ ਰੂਸ ਦੇ ਖਿਲਾਫ ਜਾ ਕੇ ਆਪਣੇ ਰਿਸ਼ਤਿਆਂ ਦੀ ਕੁਰਬਾਨੀ ਨਹੀਂ ਦੇਣਾ ਚਾਹੇਗਾ।

5. ਰੂਸ ਇਸ ਸਮੇਂ ਭਾਰਤ ਨੂੰ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਵਰਗੇ ਸਾਜ਼ੋ-ਸਾਮਾਨ ਦੀ ਸਪਲਾਈ ਕਰ ਰਿਹਾ ਹੈ, ਜੋ ਚੀਨ ਤੇ ਪਾਕਿਸਤਾਨ ਵਿਰੁੱਧ ਭਾਰਤ ਲਈ ਰਣਨੀਤਕ ਤੌਰ 'ਤੇ ਵੀ ਮਹੱਤਵਪੂਰਨ ਹੈ, ਜਿਸ ਕਾਰਨ ਭਾਰਤ ਨੇ ਅਮਰੀਕੀ ਪਾਬੰਦੀਆਂ ਦੀ ਧਮਕੀ ਦੇ ਬਾਵਜੂਦ ਇਸ ਸੌਦੇ 'ਤੇ ਆਪਣੀ ਸਰਗਰਮੀ ਦਿਖਾਈ ਹੈ।

6. ਭਾਰਤ ਲਈ ਰੂਸ ਨਾਲ ਆਪਣੇ ਦਹਾਕਿਆਂ ਦੇ ਸਬੰਧਾਂ ਤੇ ਸਹਿਯੋਗ ਦੇ ਇਤਿਹਾਸ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੈ। ਰੂਸ ਨੇ ਵਿਵਾਦਤ ਕਸ਼ਮੀਰ ਮੁੱਦੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੇ ਪ੍ਰਸਤਾਵਾਂ ਨੂੰ ਭਾਰਤ ਦੇ ਪੱਖ 'ਚ ਵੀਟੋ ਕੀਤਾ ਸੀ ਤਾਂ ਜੋ ਇਸ ਨੂੰ ਦੁਵੱਲੇ ਮੁੱਦੇ 'ਤੇ ਰੱਖਣ ਵਿਚ ਭਾਰਤ ਦੀ ਮਦਦ ਕੀਤੀ ਜਾ ਸਕੇ। ਇਸ ਸੰਦਰਭ ਵਿੱਚ, ਭਾਰਤ ਮੁੱਦਿਆਂ ਨੂੰ ਸੁਲਝਾਉਣ ਲਈ ਗੈਰ-ਗਠਜੋੜ ਤੇ ਗੱਲਬਾਤ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਪੁਰਾਣੀ ਤੇ ਜਾਣੀ-ਪਛਾਣੀ ਰਣਨੀਤੀ ਦਾ ਪਾਲਣ ਕਰਦਾ ਪ੍ਰਤੀਤ ਹੁੰਦਾ ਹੈ, ਜਿਸ ਵਿੱਚ ਸ਼ਾਂਤੀ ਤੇ ਗੱਲਬਾਤ ਰਾਹੀਂ ਵਿਵਾਦਾਂ ਨੂੰ ਸੁਲਝਾਉਣਾ ਸ਼ਾਮਲ ਹੈ।

7. ਭਾਰਤ ਯੂਕਰੇਨ ਦੇ ਮੌਜੂਦਾ ਹਾਲਾਤਾਂ ਤੋਂ ਭਲੇ ਹੀ ਸਹਿਜ ਨਾ ਹੋਵੇ, ਪਰ ਉਹ ਆਪਣਾ ਸਟੈਂਡ ਬਦਲ ਕੇ ਯੂਕਰੇਨ ਦੇ ਹੱਕ ਵਿੱਚ ਨਹੀਂ ਜਾ ਸਕਦਾ। ਭਾਰਤ ਆਪਣੀ ਰੱਖਿਆ ਅਤੇ ਭੂ-ਰਾਜਨੀਤਕ ਲੋੜਾਂ ਕਾਰਨ ਅਜਿਹਾ ਨਹੀਂ ਕਰ ਸਕਦਾ। ਭਾਰਤ ਨੂੰ ਯੂਕਰੇਨ ਵਿੱਚ ਫਸੇ ਹਜ਼ਾਰਾਂ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਚੁਣੌਤੀ ਵੀ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ। ਯੁੱਧਗ੍ਰਸਤ ਯੂਕਰੇਨ ਤੋਂ ਭਾਰਤੀਆਂ ਨੂੰ ਸੁਰੱਖਿਅਤ ਤੇ ਸਫਲਤਾਪੂਰਵਕ ਬਾਹਰ ਕੱਢਣ ਲਈ ਭਾਰਤ ਨੂੰ ਜੰਗ ਵਿੱਚ ਸ਼ਾਮਲ ਦੋਵਾਂ ਦੇਸ਼ਾਂ ਤੋਂ ਸੁਰੱਖਿਆ ਭਰੋਸੇ ਦੀ ਲੋੜ ਹੈ। ਅਜਿਹੀ ਸਥਿਤੀ ਵਿੱਚ ਜੇਕਰ ਭਾਰਤ ਦਾ ਰਵੱਈਆ ਕਿਸੇ ਇੱਕ ਦੇਸ਼ ਵੱਲ ਝੁਕਾਅ ਵਾਲਾ ਨਜ਼ਰ ਆਉਂਦਾ ਹੈ ਤਾਂ ਉੱਥੇ ਮੌਜੂਦ ਭਾਰਤੀ ਨਾਗਰਿਕਾਂ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ ਤੇ ਭਾਰਤ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦਾ ਜੋਖਮ ਨਹੀਂ ਉਠਾਉਣਾ ਚਾਹੇਗਾ।

8. ਹਾਲਾਂਕਿ, ਭਾਰਤ ਇਸ ਮਾਮਲੇ 'ਤੇ ਬਿਹਤਰ ਸਥਿਤੀ ਵਿੱਚ ਹੈ ਕਿਉਂਕਿ ਇਹ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਅਮਰੀਕਾ ਅਤੇ ਰੂਸ ਦੋਵਾਂ ਨਾਲ ਚੰਗੇ ਸਬੰਧ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਹੈ ਅਤੇ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਨੇ ਵੀ ਵਾਸ਼ਿੰਗਟਨ ਵਿੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਵੀ ਗੱਲਬਾਤ ਕੀਤੀ ਹੈ।

9. ਜੇਕਰ ਵਾਸ਼ਿੰਗਟਨ ਅਤੇ ਉਸ ਦੇ ਯੂਰਪੀ ਸਹਿਯੋਗੀ ਰੂਸ 'ਤੇ ਸਖ਼ਤ ਪਾਬੰਦੀਆਂ ਲਗਾਉਣਾ ਜਾਰੀ ਰੱਖਦੇ ਹਨ, ਤਾਂ ਭਾਰਤ ਲਈ ਰੂਸ ਨਾਲ ਵਪਾਰ ਕਰਨਾ ਜਾਰੀ ਰੱਖਣਾ ਮੁਸ਼ਕਲ ਹੋ ਸਕਦਾ ਹੈ। ਹਾਲਾਂਕਿ ਅਮਰੀਕਾ ਇਸ ਸਮੇਂ ਭਾਰਤ ਦੀ ਸਥਿਤੀ ਨੂੰ ਸਮਝ ਰਿਹਾ ਹੈ, ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਉਹ ਅਜਿਹਾ ਕਰਦਾ ਰਹੇਗਾ। ਜੇਕਰ ਅਮਰੀਕਾ ਦਾ ਰਵੱਈਆ ਬਦਲਦਾ ਹੈ ਤਾਂ ਐਸ-400 ਦੀ ਖਰੀਦ 'ਤੇ ਵੀ ਸੰਕਟ ਦੇ ਬੱਦਲ ਛਾ ਸਕਦੇ ਹਨ।

10. ਸਾਰੇ ਵਿਵਾਦ ਦੇ ਵਿਚਕਾਰ, ਜੇਕਰ ਰੂਸ ਭਾਰਤ ਦੇ ਰੁਖ 'ਚ ਬਦਲਾਅ ਨੂੰ ਦੇਖਦਾ ਹੈ ਤਾਂ ਉਹ ਆਪਣੀ ਰਣਨੀਤੀ 'ਚ ਬਦਲਾਅ ਕਰਕੇ ਭਾਰਤ 'ਤੇ ਦਬਾਅ ਵੀ ਬਣਾ ਸਕਦਾ ਹੈ, ਜਿਸ 'ਚ ਭਾਰਤ ਦੇ ਕੱਟੜ ਵਿਰੋਧੀ ਪਾਕਿਸਤਾਨ ਖਿਲਾਫ ਇਕ ਮੰਚ 'ਤੇ ਖੜ੍ਹਾ ਹੋਣਾ ਸ਼ਾਮਲ ਹੈ। ਰੂਸ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਅਮਰੀਕਾ ਨਾਲ ਭਾਰਤ ਦੇ ਵਧਦੇ ਸਬੰਧਾਂ ਨੂੰ ਸਵੀਕਾਰ ਕੀਤਾ ਹੈ, ਪਰ ਯੂਕਰੇਨ ਦਾ ਮਾਮਲਾ ਵੱਖਰਾ ਹੈ ਅਤੇ ਰੂਸ ਨਹੀਂ ਚਾਹੁੰਦਾ ਕਿ ਭਾਰਤ ਯੂਕਰੇਨ ਦੇ ਪੱਖ ਵਿੱਚ ਕਿਸੇ ਵੀ ਦੇਸ਼ ਨਾਲ ਖੜ੍ਹਾ ਹੋਵੇ। ਕੁੱਲ ਮਿਲਾ ਕੇ ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ਨੇ ਭਾਰਤ ਦੀ ਵਿਦੇਸ਼ ਨੀਤੀ ਲਈ ਮੁਸੀਬਤਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਹੈ।