ਨਿਊਯਾਰਕ: ਅਮਰੀਕਾ ਵਿੱਚ ਪਤੀ ਦੇ ਤਸ਼ੱਦਦ ਤੋਂ ਦੁਖੀ ਹੋ ਕੇ ਭਾਰਤੀ ਮਹਿਲਾ ਮਨਦੀਪ ਕੌਰ ਵੱਲੋਂ ਕੀਤੀ ਖੁਦਕੁਸ਼ੀ ਦਾ ਮਾਮਲਾ ਗਰਮਾ ਗਿਆ ਹੈ। ਵੀਡੀਓ ਵਾਇਰਲ ਹੋਣ ਮਗਰੋਂ ਭਾਰਤੀ ਰਾਜਦੂਤ ਸਰਗਰਮ ਹੋ ਗਿਆ ਹੈ। ਨਿਊਯਾਰਕ ਸਿਟੀ ਵਿੱਚ ਭਾਰਤੀ ਵਣਜ ਦੂਤਘਰ ਨੇ ਮਨਦੀਪ ਕੌਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੂਤਘਰ ਨੇ ਕਿਹਾ ਹੈ ਕਿ ਉਹ ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਦੇਵੇਗਾ। 


ਦੱਸ ਦਈਏ ਕਿ ਮਨਦੀਪ ਨੇ ਖ਼ੁਦਕੁਸ਼ੀ ਕਾਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਆਪਣੇ ’ਤੇ ਹੁੰਦੇ ਜ਼ੁਲਮ ਦੀ ਵਿਥੀਆ ਸੁਣਾਈ ਤੇ ਦਿਖਾਈ ਸੀ। ਉਸ ਨੇ ਔਨਲਾਈਨ ਵੀਡੀਓ ਪੋਸਟ ਕੀਤੀ ਸੀ, ਜਿਸ ਵਿੱਚ ਉਸ ਨੇ ਆਪਣੇ ਪਤੀ ਰਣਜੋਤਵੀਰ ਸਿੰਘ ਸੰਧੂ ਵੱਲੋਂ ਸਾਲਾਂ ਤੋਂ ਕੀਤੀ ਜਾ ਰਹੀ ਕੁੱਟਮਾਰ ਦੀ ਪਰਦਾਫ਼ਾਸ਼ ਕੀਤਾ। 


ਇਸ ਮਗਰੋਂ ਟਵੀਟ ਵਿੱਚ ਵਣਜ ਦੂਤਘਰ ਨੇ ਲਿਖਿਆ, ‘ਅਸੀਂ ਨਿਊਯਾਰਕ ਵਿੱਚ ਮਨਦੀਪ ਕੌਰ ਦੀ ਮੌਤ ਤੋਂ ਬਹੁਤ ਦੁਖੀ ਹਾਂ। ਅਸੀਂ ਸੰਘੀ ਤੇ ਸਥਾਨਕ ਪੱਧਰ ਦੇ ਨਾਲ-ਨਾਲ ਭਾਈਚਾਰੇ ਦੇ ਨਾਲ-ਨਾਲ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ।’ 


ਉਧਰ, ਬਿਜਨੌਰ (ਉੱਤਰ ਪ੍ਰਦੇਸ਼) ਪੁਲਿਸ ਨੇ ਮਨਦੀਪ ਦੇ ਪਤੀ ਤੇ ਸੱਸ-ਸਹੁਰੇ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਹੈ। ਅਮਰੀਕੀ ਅਧਿਕਾਰੀਆਂ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਉੱਤਰ ਪ੍ਰਦੇਸ਼ ਦੇ ਬਿਜਨੌਰ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਅਮਰੀਕਾ ਦੇ ਨਿਊਯਾਰਕ ਵਿੱਚ ਖੁਦਕੁਸ਼ੀ ਕਰ ਲਈ। ਵੀਡੀਓ ਦੇ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ 'ਤੇ #JusticeForMandeepKaur ਨਾਲ ਮੁਹਿੰਮ ਵੀ ਸ਼ੁਰੂ ਹੋ ਗਈ। ਇਸ ਮਾਮਲੇ 'ਤੇ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਵੀ ਟਵੀਟ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।


ਫੌਜਾ ਸਿੰਘ ਨੇ ਟਵੀਟ ਕੀਤਾ, " ਜੱਗ ਜਨਨੀ ਰੱਬ ਦਾ ਰੂਪ ਹੁੰਦੀ ਹੈ, ਇੱਕ ਮਾਂ, ਭੈਣ, ਧੀ, ਦੋਸਤ ਅਤੇ ਹਮਸਫ਼ਰ ਸਾਰੇ ਰਿਸ਼ਤਿਆਂ ਨੂੰ ਔਰਤ ਬਾਖ਼ੂਬੀ ਸਮਝਦੀ ਅਤੇ ਨਿਭਾਉਂਦੀ ਹੈ। ਅਜੋਕੇ ਸਮਾਜ ‘ਚ ਅਜਿਹੇ ਵਰਤਾਰੇ ਘੋਰ ਨਿੰਦਣਯੋਗ ਅਤੇ ਅਸਹਿਣਯੋਗ ਨੇ। ਪੀੜਤ ਸਮੇਤ ਉਹਨਾਂ ਬੱਚੀਆਂ ਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ ਹੈ, ਜਿਨ੍ਹਾਂ ਬੇਹੱਦ ਨਿੱਕੀ ਉਮਰੇ ਇੱਕ ਮਾਂ ਨੂੰ ਖੋਹਿਆ ਹੈ।"