ਫਲੋਰੀਡਾ: ਇੱਕ ਭਾਰਤੀ ਅਮਰੀਕੀ ਡਾਕਟਰ ਜੋੜੇ ਨੇ ਫਲੋਰੀਡਾ ਯੂਨੀਵਰਸਿਟੀ ਦੇ ਨਾਲ ਮਿਲ ਕੇ ਭਾਰਤ 'ਚ ਸਿਹਤ ਸੇਵਾਵਾਂ ਲਈ 200 ਕਰੋੜ ਰੁਪਏ ਖਰਚ ਕਰਨ ਦੀ ਗੱਲ ਆਖੀ ਹੈ। ਜਾਂਬਿਆ 'ਚ ਪੈਦਾ ਹੋਏ ਭਾਰਤੀ ਮੂਲ ਦੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਕਿਰਨ ਪਟੇਲ ਤੇ ਉਨ੍ਹਾਂ ਦੀ ਪਤਨੀ ਡਾਕਟਰ ਪੱਲਵੀ ਪਟੇਲ ਮਿਆਮੀ ਦੀ ਨੋਵਾ ਸਾਉਥ-ਈਸਟਰਨ ਯੂਨੀਵਰਸਿਟੀ 'ਚ ਨਵਾਂ ਕੈਂਪਸ ਖੋਲ੍ਹਣਗੇ।

ਡਾਕਟਰ ਪਟੇਲ ਨੇ ਦੱਸਿਆ ਕਿ ਦਾਨ ਲੈਣ ਤੋਂ ਇਲਾਵਾ ਉਹ ਗੁਜਰਾਤ ਦੇ ਵੜੌਦਰਾ 'ਚ ਵੀ ਕੈਂਪਸ ਸ਼ੁਰੂ ਕਰਨਗੇ। 40 ਹੈਕਟੇਅਰ 'ਚ ਇਸ ਕੈਂਪਸ 'ਚ 200 ਮਿਲੀਅਨ ਡਾਲਰ 2019 ਤੱਕ ਖਰਚ ਕੀਤਾ ਜਾਵੇਗਾ। ਇਸ ਕੈਂਪਸ ਨੂੰ ਨੋਵਾ ਯੂਨੀਵਰਸਿਟੀ ਚਲਾਵੇਗੀ। ਇੱਥੇ ਮਿਆਮੀ 'ਤੋਂ ਲਾਈਵ ਇੰਟ੍ਰੈਕਸ਼ਨ ਦੇ ਨਾਲ ਲੈਕਚਰ ਹੋਣਗੇ।

ਅਮਰੀਕੀ ਪ੍ਰੋਫੈਸਰਾਂ ਨੂੰ ਭਾਰਤ 'ਚ ਤੈਨਾਤ ਕੀਤਾ ਜਾਵੇਗਾ ਤੇ ਇੱਥੇ ਭਾਰਤੀ ਪ੍ਰੋਫੈਸਰਾਂ ਨੂੰ ਟ੍ਰੇਨਿੰਗ ਲਈ ਬੁਲਾਇਆ ਜਾਵੇਗਾ ਤਾਂ ਜੋ ਗੁਜਰਾਤ 'ਚ ਵੀ ਅਮਰੀਕਾ ਵਰਗੇ ਡਾਕਟਰ ਤਿਆਰ ਕੀਤੇ ਜਾ ਸਕਣ। ਭਾਰਤ 'ਚ ਕੰਮ ਕਰਨ ਦੇ ਨਾਲ-ਨਾਲ ਅਮਰੀਕਾ 'ਚ ਵੀ ਉਸ ਡਿਗਰੀ ਦੀ ਓਨੀ ਹੀ ਅਹਿਮੀਅਤ ਹੋਵੇਗੀ।

ਡਾਕਟਰ ਪਟੇਲ ਨੇ ਕਿਹਾ ਕਿ ਭਾਰਤ 'ਚ ਸਿਹਤ ਸੇਵਾਵਾਂ ਦੀ ਘਾਟ ਨੂੰ ਵੇਖਦੇ ਹੋਏ ਅਸੀਂ ਗੁਜਰਾਤ 'ਚ ਮੈਡੀਕਲ ਕਾਲਜ ਖੋਲ੍ਹਾਂਗੇ। ਕਾਨੂੰਨ ਮੁਤਾਬਕ ਪੰਜ ਸਾਲ ਕੰਮ ਕਰਨ ਤੋਂ ਬਾਅਦ ਇੰਡੀਆ 'ਚ ਕਾਲਜ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ 2024 ਤੱਕ ਇਹ ਭਾਰਤ 'ਚ ਸ਼ੁਰੂ ਹੋ ਜਾਵੇਗਾ। ਇਸ ਮਸਲੇ 'ਤੇ ਅਸੀਂ ਗੱਲਬਾਤ ਕਰ ਰਹੇ ਹਾਂ।

ਭਾਰਤ 'ਚ ਮੈਡੀਕਲ ਕਾਲਜ ਖੋਲ੍ਹਣ ਲਈ 12.5 ਏਕੜ ਥਾਂ ਤੇ 700 ਬੈਡ ਦਾ ਹਸਪਤਾਲ ਹੋਣਾ ਜ਼ਰੂਰੀ ਹੈ। ਕਿਰਨ ਪਟੇਲ ਨੇ ਕਿਹਾ ਕਿ ਇਸ ਤਰੀਕੇ ਨਾਲ ਵੀ ਕੰਮ ਕੀਤਾ ਜਾ ਸਕਦਾ ਹੈ ਮੈਡੀਕਲ ਕਾਲਜ 'ਚ ਮਰੀਜ਼ਾਂ ਨੂੰ ਬੁਲਾਉਣ ਦੀ ਥਾਂ ਡਾਕਟਰਾਂ ਨੂੰ ਹੀ ਉੱਥੇ ਭੇਜਿਆ ਜਾਵੇ ਜਿੱਥੇ ਮਰੀਜ਼ ਹੋਣ।