ਵਾਸ਼ਿੰਗਟਨ : ਅਗਲੇ ਸਾਲ ਅਮਰੀਕਾ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਵਿੱਚ ਭਾਰਤੀ ਮੂਲ ਦੇ ਅਮਰੀਕੀ ਵੀ ਆਪਣੀ ਕਿਸਮਤ ਅਜਮਾ ਰਹੇ ਹਨ। ਜੇਕਰ ਸਭ ਕੁੱਝ ਠੀਕ ਰਿਹਾ ਤਾਂ ਅਮਰੀਕਾ ਨੂੰ ਇਸ ਵਾਰ ਭਾਰਤੀ ਮੂਲ ਦਾ ਰਾਸ਼ਟਰਪਤੀ ਮਿਲ ਸਕਦਾ ਹੈ। ਅਮਰੀਕਾ ਦੀ ਰਾਜਨੀਤੀ ਵਿੱਚ ਚੰਗਾ ਰਸੂਖ ਰੱਖਣ ਵਾਲੇ ਭਾਰਤੀ ਮੂਲ ਦੇ 3 ਉਮੀਦਵਾਰ ਰਾਸ਼ਟਰਪਤੀ ਦੀ ਚੋਣ ਲੜਨ ਦੀ ਤਿਅਰੀ ਕਰ ਰਹੇ ਹਨ। 



ਇਹਨਾਂ ਵਿੱਚੋਂ  ਨਿੱਕੀ ਹੈਲੀ ਦਾ ਨਾਮ ਤਾਂ ਪਹਿਲਾਂ ਹੀ ਨਸ਼ਰ ਹੋ ਗਿਆ ਹੈ।  ਨਿੱਕੀ ਹੈਲੀ ਰੰਧਾਵਾ ਤੋਂ ਬਾਅਦ ਹੁਣ ਰਾਮਾਸਵਾਮੀ  ਅਤੇ ਹਰਸ਼ਵਰਧਨ ਸਿੰਘ ਨੇ ਵੀ ਆਪਣੀ ਰਾਸ਼ਟਰਪਤੀ ਚੋਣਾਂ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਅਮਰੀਕਾ ਚ ਅਗਲੇ ਸਾਲ ਯਾਨੀ 2024 'ਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਜੋਅ ਬਾਇਡਨ ਅਤੇ ਡੋਨਾਲਡ ਟਰੰਪ ਵਿਚਾਲੇ ਹੁਣੇ ਤੋਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਸ ਵਾਰ ਭਾਰਤੀ ਮੂਲ ਦੇ ਕੁਝ ਅਮਰੀਕੀ ਨੇਤਾਵਾਂ ਦੇ ਨਾਮ ਵੀ ਅਹੁਦੇ ਲਈ ਸਾਹਮਣੇ ਆ ਰਹੇ ਨੇ, ਜੋ ਅਮਰੀਕਾ ਨੂੰ ਹੋਰ ਵਧੀਆ ਬਣਾਉਣ ਲਈ ਟਰੰਪ ਨੂੰ ਪਛਾੜਨਾ ਚਾਹੁੰਦੇ ਹਨ।


 


ਏਅਰੋਸਪੇਸ ਇੰਜੀਨੀਅਰ ਹਰਸ਼ਵਰਧਨ ਨੇ ਇਕ ਵੀਡੀਓ ’ਚ ਕਿਹਾ ਹੈ ਕਿ ਅਮਰੀਕਾ ਦੇ ਲੋਕ ਟੈੱਕ ਤੇ ਦਵਾਈਆਂ ਦੀਆਂ ਕੰਪਨੀਆਂ ਦੇ ਭਿ੍ਰਸ਼ਟਾਚਾਰ ਦਾ ਸਾਹਮਣਾ ਕਰ ਰਹੇ ਹਨ। ਅਮਰੀਕਾ ਦੇ ਪਰਿਵਾਰਕ ਮੁੱਲਾਂ ਤੇ ਮਾਪਿਆਂ ਦੇ ਅਧਿਕਾਰਾਂ ’ਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ। ਵੱਡੀਆਂ ਦਵਾਈਆਂ ਦੀਆਂ ਕੰਪਨੀਆਂ ਜਿਥੇ ਸਰਕਾਰ ਨਾਲ ਮਿਲ ਕੇ ਸਾਰੇ ਲੋਕਾਂ ਨੂੰ ਟ੍ਰਾਇਲ ਅਧੀਨ ਵੈਕਸੀਨ ਲਾਉਣ ਲਈ ਮਜਬੂਰ ਕਰ ਕੇ ਫਾਇਦਾ ਕਮਾ ਰਹੀਆਂ ਹਨ, ਉਥੇ ਹੀ ਤਕਨੀਕੀ ਕੰਪਨੀਆਂ ਸਾਡੀ ਨਿੱਜਤਾ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਸਾਡੀ ਸਿਆਸੀ ਤੇ ਵਿਰੋਧ ਵਾਲੇ ਨਜ਼ਰੀਏ ’ਤੇ ਸੈਂਸਰਸ਼ਿਪ ਲਗਾ ਰਹੀ ਹੈ। ਅਮਰੀਕਾ ਦੇ ਮੁੱਲਾਂ ਨੂੰ ਸਥਾਪਿਤ ਕਰਨ ਲਈ ਇਕ ਮਜ਼ਬੂਤ ਅਗਵਾਈ ਦੀ ਲੋੜ ਹੈ।


 


ਨਿੱਕੀ ਹੈਲੀ ਰੰਧਾਵਾ ਦਾ ਅਸਲੀ ਨਾਂ ਨਿਮਰਤਾ ਕੌਰ ਹੈ। ਨਿੱਕੀ ਹੈਲੀ ਦਾ ਜੱਦੀ ਪਿੰਡ ਰਣ ਸਿੰਘ ਜ਼ਿਲ੍ਹਾ ਤਰਨ ਤਾਰਨ ਹੈ। ਕਲੇਮਸਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਰੰਧਾਵਾ ਨੇ ਆਪਣੇ ਪਰਿਵਾਰ ਦੇ ਕੱਪੜੇ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਇੱਕ ਕੂੜਾ ਪ੍ਰਬੰਧਨ ਅਤੇ ਰੀਸਾਈਕਲਿੰਗ ਕੰਪਨੀ ਐਫ.ਸੀ.ਆਰ. ਕਾਰਪੋਰੇਸ਼ਨ ਵਿੱਚ ਕੰਮ ਕੀਤਾ। ਬਾਅਦ ਵਿੱਚ ਉਹ ਐਕਸੋਟਿਕਾ ਇੰਟਰਨੈਸ਼ਨਲ ਦੀ ਕੰਪਲਟਰ ਅਤੇ ਮੁੱਖ ਵਿੱਤੀ ਅਧਿਕਾਰੀ ਬਣ ਗਈ।


ਰੰਧਾਵਾ ਨੇ 1996 ਵਿੱਚ ਮਾਈਕਲ ਹੇਲੀ ਨਾਲ ਵਿਆਹ ਕਰਵਾ ਲਿਆ। ਬਾਅਦ ਵਿੱਚ ਉਹ ਨਾਗਰਿਕ ਮਾਮਲਿਆਂ ਵਿੱਚ ਰੁੱਝ ਗਈ। 1998 ਵਿੱਚ, ਉਸਨੂੰ ਓਰੇਂਜਬਰਗ ਕਾਉਂਟੀ ਚੈਂਬਰ ਆਫ਼ ਕਾਮਰਸ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਨਾਮਜ਼ਦ ਕੀਤਾ ਗਿਆ। ਉਸ ਨੂੰ 2003 ਵਿੱਚ ਲੇਕਸਿੰਗਟਨ ਚੈਂਬਰ ਆਫ਼ ਕਾਮਰਸ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਨਾਮਜ਼ਦ ਕੀਤਾ ਗਿਆ ਸੀ। ਹੈਲੀ 2003 ਵਿੱਚ ਨੈਸ਼ਨਲ ਐਸੋਸੀਏਸ਼ਨ ਆਫ ਵੂਮੈਨ ਬਿਜ਼ਨਸ ਮਾਲਕਾਂ ਦੀ ਖਜ਼ਾਨਚੀ ਅਤੇ 2004 ਵਿੱਚ ਪ੍ਰਧਾਨ ਬਣੀ।