Spain Rape Law: ਸਪੇਨ ਵਿੱਚ ਸੈਕਸ ਅਪਰਾਧਾਂ ਨੂੰ ਲੈ ਕੇ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਇਥੇ ਵੀਰਵਾਰ ਨੂੰ ਸੰਸਦ ਦੇ ਹੇਠਲੇ ਸਦਨ 'ਚ ਸਾਰੇ ਤਰ੍ਹਾਂ ਦੇ ਗੈਰ-ਸਹਿਮਤੀ ਵਾਲੇ ਜਿਨਸੀ ਸਬੰਧਾਂ ਨੂੰ ਬਲਾਤਕਾਰ ਦੀ ਸ਼੍ਰੇਣੀ ਵਿੱਚ ਲਿਆਉਣ ਲਈ ਇੱਕ ਬਿੱਲ ਪਾਸ ਕੀਤਾ ਗਿਆ ਸੀ। ਇਹ ਕਦਮ ਸਪੇਨ 'ਚ ਔਰਤਾਂ ਦੇ ਅਧਿਕਾਰਾਂ ਦੇ ਅੰਦੋਲਨ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਜਾਣੋ ਕੀ ਹੈ ਇਹ ਕਾਨੂੰਨ, ਕੀ ਹੈ ਇਸ ਦੀ ਮਹੱਤਤਾ ਤੇ ਇਸ ਨੂੰ ਬਣਾਉਣ ਪਿੱਛੇ ਕੀ ਰਹੀ ਵਜ੍ਹਾ।



'ਨਹੀਂ' ਦਾ ਮਹੱਤਵ
ਅਮਿਤਾਭ ਬੱਚਨ ਤੇ ਤਾਪਸੀ ਪੰਨੂ ਦੀ ਫਿਲਮ ਪਿੰਕ ਵਿੱਚ ਇੱਕ ਡਾਇਲੋਗ ਹੈ -  NO ਮੀਨਜ਼ NO।  ਭਾਵ ਜੇਕਰ ਲੜਕੀ ਨਾਂਹ ਕਹਿ ਰਹੀ ਹੈ ਤਾਂ ਕਿਸੇ ਨੂੰ ਉਸ ਨੂੰ ਛੂਹਣ ਦਾ ਕੋਈ ਅਧਿਕਾਰ ਨਹੀਂ ਹੈ ਪਰ ਸਪੇਨ ਵਿੱਚ ਇਸ ਨਾਂ ਤੋਂ ਵੱਧ ਅਧਿਕਾਰ ਹਾਂ ਨੂੰ ਦਿੱਤਾ ਜਾਂਦਾ ਹੈ, ਜਿਸ ਨੂੰ ਸੈਕਸ ਜਾਂ ਜਿਨਸੀ ਸਬੰਧਾਂ ਲਈ ਸਹਿਮਤੀ ਮੰਨਿਆ ਜਾਵੇਗਾ। ਸਪੇਨ 'ਚ ਬਣੇ ਬਲਾਤਕਾਰ ਵਿਰੋਧੀ ਕਾਨੂੰਨ ਦੇ ਤਹਿਤ ਸੈਕਸ ਲਈ ਨਹੀਂ ਤੋਂ ਜ਼ਿਆਦਾ ਅਹਿਮੀਅਤ ਹਾਂ ਨੂੰ ਦਿੱਤੀ ਗਈ ਹੈ।

 ਕੀ ਹੈ ਨਵਾਂ ਕਾਨੂੰਨ
ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਨਵੇਂ ਕਾਨੂੰਨ ਬਾਰੇ ਸੰਸਦ ਵਿੱਚ ਕਿਹਾ - ਜੇਕਰ ਲੜਕੀ 'ਨਹੀਂ' ਕਹਿੰਦੀ ਹੈ ਤਾਂ ਇਸਦਾ ਮਤਲਬ ਵੀ 'ਨਹੀਂ' ਹੋਵੇਗਾ। ਯਾਨੀ ਕੋਈ ਲੜਕੀ ਜੇ ਸਪੱਸਟ ਤੌਰ 'ਤੇ ਹਾਂ ਨਹੀਂ ਕਹਿੰਦੀ ਜਾਂ ਫ਼ਿਰ ਚੁੱਪ ਰਹਿੰਦੀ ਹੈ ਤਾਂ ਇਸ ਸਥਿਤੀ 'ਚ ਉਸ ਨਾਲ ਸੈਕਸ ਕਰਨਾ ਬਲਾਤਕਾਰ ਮੰਨਿਆ ਜਾਵੇਗਾ। ਕਿਸੇ ਵੀ ਜਿਨਸੀ ਸੰਪਰਕ ਨੂੰ ਉਸ ਸਥਿਤੀ ਵਿੱਚ ਰੇਪ ਨਹੀਂ ਮੰਨਿਆ ਜਾਵੇਗਾ ,ਜੇਕਰ ਔਰਤ ਨੇ ਇਸ ਲਈ ਸਪੱਸ਼ਟ ਤੌਰ 'ਤੇ ਸਹਿਮਤੀ ਦਿੱਤੀ ਹੈ।

ਕੀ ਹੈ ਅਜਿਹੇ ਨਿਯਮਾਂ ਅਤੇ ਕਾਨੂੰਨਾਂ ਦਾ ਆਧਾਰ  
ਸਪੇਨ ਵਿੱਚ ਇਸ ਕਾਨੂੰਨ ਦਾ ਆਧਾਰ 2016 ਦਾ ਇੱਕ ਕੇਸ ਹੈ। ਇਸ 'ਚ ਇਕ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ਾਂ 'ਚੋਂ 5 ਲੋਕਾਂ ਨੂੰ ਬਰੀ ਕਰ ਦਿੱਤਾ ਗਿਆ। ਇਸ ਦਾ ਕਾਰਨ ਬਲਾਤਕਾਰ ਦੌਰਾਨ ਉਸ ਲੜਕੀ ਦੀ ਚੁੱਪ ਸੀ। ਅਦਾਲਤ ਨੇ ਪੰਜ ਵਿਅਕਤੀਆਂ ਨੂੰ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ, ਇਹ ਅਪਰਾਧ ਬਲਾਤਕਾਰ ਨਾਲੋਂ ਘੱਟ ਗੰਭੀਰ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਸਪੇਨ ਵਿੱਚ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਇੱਕ ਨਵੀਂ ਬਹਿਸ ਛਿੜ ਗਈ।

ਇਸ ਘਟਨਾ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ 'ਚ ਪੁਲਿਸ ਨੇ ਕਿਹਾ ਕਿ ਪੂਰੀ ਘਟਨਾ ਦੌਰਾਨ ਲੜਕੀ ਸ਼ਾਂਤ ਖੜ੍ਹੀ ਸੀ ਅਤੇ ਆਪਣੀਆਂ ਅੱਖਾਂ ਬੰਦ ਕਰੀ ਬੈਠੀ ਸੀ। ਇਸ ਘਟਨਾ ਦੇ ਵੇਰਵੇ ਨੇ ਸਪੇਨ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਉਸ ਦੌਰਾਨ ਲੜਕੀ ਦੇ ਚੁੱਪ ਰਹਿਣ ਕਾਰਨ ਇਹ ਸਮੂਹਿਕ ਬਲਾਤਕਾਰ ਦਾ ਮਾਮਲਾ ਸੈਕਸ ਲਈ ਸਹਿਮਤੀ ਤੇ ਅਸਹਿਮਤੀ ਦੇ ਚੱਕਰ ਵਿੱਚ ਫਸ ਗਿਆ। ਇਸ ਘਟਨਾ ਦੇ ਆਧਾਰ 'ਤੇ ਹੁਣ ਇਹ ਨਵਾਂ ਕਾਨੂੰਨ ਬਣਾਇਆ ਗਿਆ ਹੈ।