ਜਾਪਾਨ ਦੇ ਇਸ਼ੀਕਾਵਾ ਵਿੱਚ ਹੁਣ ਤੱਕ ਭੂਚਾਲ ਦੇ 155 ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ, ਨਵੇਂ ਸਾਲ ਵਾਲੇ ਦਿਨ ਸਭ ਤੋਂ ਤੇਜ਼ 7.2 ਤੀਬਰਤਾ ਦਾ ਭੂਚਾਲ ਆਇਆ ਸੀ। ਜਿਸ ਨੂੰ ਜਾਪਾਨ ਦੇ ਲੋਕਾਂ ਨੂੰ ਫਿਕਰਾਂ 'ਚ ਪਾ ਦਿੱਤਾ ਹੈ। ਭੂਚਾਲ ਕਾਰਨ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਪਾਨ ਟੂਡੇ ਮੁਤਾਬਕ ਪ੍ਰਧਾਨ ਮੰਤਰੀ ਫੂਮੀਆ ਕਿਸ਼ਿਦਾ ਨੇ ਕਿਹਾ ਹੈ ਕਿ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕਿਸ਼ਿਦਾ ਨੇ ਕਿਹਾ ਕਿ ਹਰ ਪਾਸੇ ਅੱਗ ਲੱਗੀ ਹੋਈ ਹੈ, 100 ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ।
ਜਾਪਾਨ ਦੇ ਰੱਖਿਆ ਮੰਤਰੀ ਮੁਤਾਬਕ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਫੌਜ ਦੇ ਇਕ ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ। ਸਮਾਂ ਘੱਟ ਹੈ ਅਤੇ ਹੋਰ ਜਾਨਾਂ ਬਚਾਉਣੀਆਂ ਪੈਣਗੀਆਂ। ਇਸ਼ੀਕਾਵਾ ਦੇ 32,500 ਘਰ ਬਿਜਲੀ ਤੋਂ ਬਿਨਾਂ ਹਨ। ਬੀਬੀਸੀ ਮੁਤਾਬਕ 19 ਹਸਪਤਾਲਾਂ ਵਿੱਚ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਇਲਾਜ ਵਿੱਚ ਦਿੱਕਤ ਆ ਰਹੀ ਹੈ।
ਇਸ ਦੇ ਨਾਲ ਹੀ ਜਾਪਾਨ ਦੇ ਇਸ਼ਿਕਾਵਾ ਇਲਾਕੇ 'ਚ ਇਕ ਹੋਰ ਭੂਚਾਲ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਾਪਾਨ 'ਚ ਸੋਮਵਾਰ ਨੂੰ ਪਹਿਲੀ ਵਾਰ ਆਏ 7.6 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੁਣ ਤੱਕ 50 ਝਟਕੇ ਮਹਿਸੂਸ ਕੀਤੇ ਗਏ ਹਨ। ਸਾਰਿਆਂ ਦੀ ਤੀਬਰਤਾ 3.4 ਤੋਂ 4.6 ਦੇ ਵਿਚਕਾਰ ਸੀ।
ਭਾਰਤੀ ਦੂਤਾਵਾਸ ਨੇ ਐਮਰਜੈਂਸੀ ਕੰਟਰੋਲ ਰੂਮ ਬਣਾਇਆ
ਭਾਰਤੀ ਦੂਤਾਵਾਸ ਨੇ ਭੂਚਾਲ ਪੀੜਤਾਂ ਦੀ ਮਦਦ ਲਈ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਕੋਈ ਵੀ ਵਿਅਕਤੀ ਇੱਥੇ ਆ ਕੇ ਮਦਦ ਮੰਗ ਸਕਦਾ ਹੈ। ਇਸ ਤੋਂ ਪਹਿਲਾਂ ਦੂਤਾਵਾਸ ਨੇ ਈ-ਮੇਲ ਆਈਡੀ ਅਤੇ ਨੰਬਰ ਵੀ ਜਾਰੀ ਕੀਤੇ ਸਨ। ਨੰਬਰ ਹਨ: +81-80-3930-1715, +81-70-1492-0049, +81-80-3214-4734, +81-80-6229-5382, +81-80-3214-4722।
ਬਿਜਲੀ ਸੰਕਟ
ਜਾਪਾਨ ਸਰਕਾਰ ਨੇ 9 ਸੂਬਿਆਂ ਦੇ ਕਰੀਬ 97 ਹਜ਼ਾਰ ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ ਦਿੱਤਾ ਸੀ। ਲੋਕਾਂ ਨੂੰ ਸਪੋਰਟਸ ਕੰਪਲੈਕਸਾਂ ਅਤੇ ਜਿੰਮਾਂ ਵਿੱਚ ਸ਼ਰਨ ਲੈਣੀ ਪਈ। ਹੋਕੁਰੀਕੂ ਇਲੈਕਟ੍ਰਿਕ ਪਾਵਰ ਦੀ ਵੈੱਬਸਾਈਟ ਦੇ ਅਨੁਸਾਰ, ਇਸ਼ਿਕਾਵਾ ਪ੍ਰੇਫੈਕਟਰ ਦੇ ਲਗਭਗ 33 ਹਜ਼ਾਰ ਘਰ ਮੰਗਲਵਾਰ ਸਵੇਰੇ ਬਿਜਲੀ ਤੋਂ ਬਿਨਾਂ ਸਨ।
ਪਰਮਾਣੂ ਬਿਜਲੀ ਘਰ ਦੀ ਹਾਲਤ ਕੀ ਹੈ?
ਭੂਚਾਲ ਤੋਂ ਬਾਅਦ ਜਾਪਾਨ ਦੇ ਪਰਮਾਣੂ ਬਿਜਲੀ ਪਲਾਂਟਾਂ ਨੂੰ ਸਭ ਤੋਂ ਵੱਧ ਖਤਰਾ ਹੈ। ਇਸ ਤੋਂ ਪਹਿਲਾਂ 2011 'ਚ ਸੁਨਾਮੀ ਕਾਰਨ ਪਰਮਾਣੂ ਪਲਾਂਟ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਿਆ ਸੀ। ਉਦੋਂ ਪਰਮਾਣੂ ਰਿਐਕਟਰ ਵਿੱਚ ਪਾਣੀ ਦਾਖਲ ਹੋਣ ਕਾਰਨ ਪੂਰਾ ਪਲਾਂਟ ਖਤਰੇ ਵਿੱਚ ਪੈ ਗਿਆ ਸੀ। ਉਸ ਰਿਐਕਟਰ ਨੂੰ ਅੱਜ ਤੱਕ ਪਾਣੀ ਨਾਲ ਠੰਢਾ ਕੀਤਾ ਜਾਂਦਾ ਹੈ। ਇਸ ਲਈ ਅਰਬਾਂ ਲੀਟਰ ਪਾਣੀ ਖਰਚ ਕੀਤਾ ਗਿਆ ਹੈ। ਇੱਕ ਵਾਰ ਜਦੋਂ ਪਾਣੀ ਰਿਐਕਟਰ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਇਸਨੂੰ ਮਨੁੱਖਾਂ ਅਤੇ ਜਾਨਵਰਾਂ ਤੋਂ ਦੂਰ ਰੱਖਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਰੇਡੀਏਸ਼ਨ ਹੁੰਦੀ ਹੈ। 2011 ਦੀ ਤਬਾਹੀ ਵਿੱਚ ਜਾਪਾਨ ਦਾ ਪੂਰਾ ਸ਼ਹਿਰ ਤਬਾਹ ਹੋ ਗਿਆ ਸੀ।