ਕਾਬੁਲ: ਕਾਬੁਲ ਹਵਾਈ ਅੱਡੇ ਦੇ ਬਾਹਰ ਆਤਮਘਾਤੀ ਹਮਲੇ ਵਿੱਚ ਅਮਰੀਕੀ ਫ਼ੌਜੀਆਂ ਸਮੇਤ 72 ਜਣਿਆਂ ਦੀ ਮੌਤ ਹੋ ਜਾਣ ਮਗਰੋਂ ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਜੋ ਬਾਈਡਨ ਦੀ ਇਜ਼ਰਾਈਲ ਦੇ ਨਵੇਂ ਪ੍ਰਧਾਨ ਮੰਤਰੀ ਦੀ ਪਹਿਲੀ ਬੈਠਕ ਤੇ ਅਫ਼ਗ਼ਾਨੀ ਸ਼ਰਨਾਰਥੀਆਂ ਸਬੰਧੀ ਗਵਰਨਰਾਂ ਨਾਲ ਵੀਡੀਓ ਕਾਨਫਰੰਸਿੰਗ ਨੂੰ ਰੱਦ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਹਮਲਾਵਰਾਂ ਨੂੰ ਮੁਆਫ਼ ਨਹੀਂ ਕਰਾਂਗੇ।


 


ਰਾਸ਼ਟਪਤੀ ਨੇ ਆਖਿਆ, "ਅਸੀਂ ਹਮਲਾਵਰਾਂ ਨੂੰ ਮੁਆਫ਼ ਨਹੀਂ ਕਰਾਂਗੇ। ਅਸੀਂ ਨਾ ਹੀ ਭੁੱਲਾਂਗੇ। ਅਸੀਂ ਤੁਹਾਡਾ ਸ਼ਿਕਾਰ ਕਰਾਂਗੇ ਤੇ ਤੁਹਾਨੂੰ ਇਸ ਦੀ ਕੀਮਤ ਅਦਾ ਕਰਨੀ ਪਵੇਗੀ। ਅਸੀਂ ਅਫ਼ਗ਼ਾਨਿਸਤਾਨ 'ਚੋਂ ਅਮਰੀਕੀ ਨਾਗਰਿਕਾਂ ਨੂੰ ਬਚਾਵਾਂਗੇ। ਸਾਡੇ ਆਪਣੇ ਅਫ਼ਗ਼ਾਨ ਸਹਿਯੋਗੀਆਂ ਨੂੰ ਬਾਹਰ ਕੱਢਾਂਗੇ ਤੇ ਸਾਡਾ ਮਿਸ਼ਨ ਜਾਰੀ ਰਹੇਗਾ।"


 






 


ਇੱਕ ਅਫ਼ਗ਼ਾਨੀ ਅਧਿਕਾਰੀ ਨੇ ਆਪਣਾ ਨਾਂਅ ਨਾ ਛਾਪੇ ਜਾਣ ਦੀ ਸ਼ਰਤ 'ਤੇ ਜਾਣਕਾਰੀ ਦਿੱਤੀ ਹੈ ਕਿ ਧਮਾਕਿਆਂ ਵਿੱਚ 143 ਵਿਅਕਤੀ ਜ਼ਖ਼ਮੀ ਹੋਏ ਹਨ। ਅਜਿਹੇ ਵਿੱਚ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧਣ ਦਾ ਖ਼ਦਸ਼ਾ ਹੈ। ਮ੍ਰਿਤਕਾਂ ਵਿੱਚ 60 ਅਫ਼ਗ਼ਾਨੀ ਤੇ 12 ਅਮਰੀਕੀ ਫ਼ੌਜੀ ਸ਼ਾਮਲ ਹਨ। ਖ਼ਬਰਾਂ ਮੁਤਾਬਕ 18 ਅਮਰੀਕੀ ਫ਼ੌਜੀ ਇਸ ਸਮੇਂ ਜ਼ਖ਼ਮੀ ਵੀ ਹਨ। ਇਸ ਦਾਅਵੇ ਦੇ ਉਲਟ ਤਾਲਿਬਾਨ ਮੁਤਾਬਕ ਦੋ ਆਤਮਘਾਤੀ ਹਮਲਿਆਂ ਵਿੱਚ 13 ਤੋਂ 20 ਜਣਿਆਂ ਦੀ ਮੌਤ ਹੋਈ ਹੈ। ਇਨ੍ਹਾਂ ਹਮਲਿਆਂ ਵਿੱਚ ਕਿਸੇ ਵੀ ਭਾਰਤੀ ਨਾਗਰਿਕ ਦੀ ਮੌਤ ਹੋਣ ਦੀ ਕੋਈ ਖ਼ਬਰ ਨਹੀਂ ਆਈ ਹੈ। 


 


ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟਸ ਵੱਲੋਂ ਲਈ ਗਈ ਹੈ। ਸਾਲ 2011 ਤੋਂ ਬਾਅਦ ਅਫ਼ਗ਼ਾਨਿਸਤਾਨ ਵਿੱਚ ਇੱਕੋ ਦਿਨ ਵਿੱਚ ਮਾਰੇ ਜਾਣ ਵਾਲੇ ਅਮਰੀਕੀ ਫ਼ੌਜੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਵੀ ਅਮਰੀਕਾ ਨੂੰ ਦੇਸ਼ ਛੱਡਣ ਲਈ 31 ਅਗਸਤ ਤੱਕ ਦਾ ਸਮਾਂ ਦਿੱਤਾ ਹੋਇਆ ਹੈ, ਜਿਸ ਕਾਰਨ ਭਾਰਤ ਤੇ ਅਮਰੀਕਾ ਸਮੇਤ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਵਿੱਚ ਜੁਟੇ ਹੋਏ ਹਨ।