ਇਸਲਾਮਾਬਾਦ: ਕਰਾਚੀ ਤੋਂ ਇਸਲਾਮਾਬਾਦ ਲਈ ਉਡਾਣ ਭਰ ਰਹੀ ਪੀਏ 200 ਫ਼ਲਾਈਟ ’ਚ ਕੁਝ ਅਜਿਹਾ ਹੋਇਆ ਕਿ ਜਿਸ ਨਾਲ ਨਾ ਸਿਰਫ਼ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਈ, ਸਗੋਂ ਏਅਰਲਾਈਨ ਦੇ ਕਰਮਚਾਰੀਆਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਹੈ। ਦਰਅਸਲ, ਜਦੋਂ ਪੀਏ 200 ਉਡਾਣ ਕਰਾਚੀ ਤੋਂ ਇਸਲਾਮਾਬਾਦ ਲਈ ਰਵਾਨਾ ਹੋਈ, ਤਦ ਉਡਾਣ ’ਚ ਬੈਠੀ ਜੋੜੀ ‘ਕਿੱਸ’ ਕਰਦੀ ਪਾਈ ਗਈ। ਹੋਰ ਯਾਤਰੀਆਂ ਦੀ ਸ਼ਿਕਾਇਤ ’ਤੇ ਏਅਰਹੋਸਟੈਸ ਨੇ ਜੋੜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ; ਪਰ ਜਦੋਂ ਜੋੜੀ ਨਾ ਮੰਨੀ, ਤਾਂ ਏਅਰ ਹੋਸਟੈਸ ਨੇ ਉਨ੍ਹਾਂ ਦੋਵਾਂ ਨੂੰ ਇੱਕ ਕੰਬਲ ਦੇ ਦਿੱਤਾ।
ਇਹ ਘਟਨਾ ਬੀਤੀ 20 ਮਈ ਨੂੰ ਪਾਕਿਸਤਾਨ ਦੀ ਲੋਕਲ ਬਲੂ ਏਅਰ ਫ਼ਲਾਈਟ ’ਚ ਵਾਪਰੀ। ਜਿਸ ਤੋਂ ਬਾਅਦ ਉਸ ਹਵਾਈ ਜਹਾਜ਼ ’ਚ ਸਵਾਰ ਐਡਵੋਕੇਟ ਬਿਲਾਲ ਫ਼ਾਰੂਕ ਅਲਵੀ ਨੇ ਏਅਰਲਾਈਨ ਕਰਮਚਾਰੀਆਂ ਵਿਰੁੱਧ ਸ਼ਹਿਰੀ ਹਵਾਬਾਜ਼ੀ ਅਥਾਰਟੀ ’ਚ ਜੋੜੀ ਨੂੰ ਰੋਕਣ ਲਈ ਕਾਰਵਾਈ ਨਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਜਨਤਕ ਤੌਰ ਉੱਤੇ ਅਜਿਹੀ ਹਰਕਤ ਨੂੰ ਗ਼ਲਤ ਦੱਸਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਹਵਾਈ ਜਹਾਜ਼ ’ਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਜੋੜੀ ਚੌਥੀ ਕਤਾਰ ’ਚ ਬੈਠੀ ਸੀ ਤੇ ‘ਕਿੱਸ’ ਕਰ ਰਹੀ ਸੀ। ਸਾਥੀ ਯਾਤਰੀਆਂ ਦੀ ਸ਼ਿਕਾਇਤ ’ਤੇ ਏਅਰ ਹੋਸਟੈਸ ਨੇ ਉਸ ਜੋੜੀ ਨੂੰ ਅਜਿਹਾ ਵਿਵਹਾਰ ਨਾ ਕਰਨ ਦੀ ਬੇਨਤੀ ਕੀਤੀ; ਤਾਂ ਉਸ ਜੋੜੀ ਨੇ ਏਅਰ ਹੋਸਟੈਸ ਨੂੰ ਕਿਹਾ ਤੂੰ ਕੌਣ ਹੁੰਦੀ ਏਂ, ਸਾਨੂੰ ਕੁਝ ਦੱਸਣ ਵਾਲੀ?
ਯਾਤਰੀਆਂ ਨੇ ਦਾਅਵਾ ਕੀਤਾ ਕਿ ਜੋੜੀ ਨੇ ਏਅਰ ਹੋਸਟੈਸ ਨਾਲ ਗੁੱਸੇ ’ਚ ਗੱਲ ਕੀਤੀ, ਜਿਸ ਤੋਂ ਬਾਅਦ ਏਅਰ ਹੋਸਟੈਸ ਨੈ ਉਨ੍ਹਾਂ ਨੂੰ ਕੰਬਲ ਦੇ ਦਿੱਤਾ।
ਹਵਾਈ ਜਹਾਜ਼ ’ਚ ਸਵਾਰ ਐਡਵੋਕੇਟ ਬਿਲਾਲ ਫ਼ਾਰੂਕ ਅਲਵੀ ਨੇ ਇਸ ਹਰਕਤ ਲਈ ਨਾ ਸਿਰਫ਼ ਹੰਗਾਮਾ ਕੀਤਾ, ਸਗੋਂ ਏਅਰਲਾਈਨ ਕਰਮਚਾਰੀਆਂ ਵਿਰੁੱਧ ਜੋੜੀ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ; ਜਿਸ ਵਿੱਚ ਹਵਾਈ ਜਹਾਜ਼ ਅੰਦਰ ਬੈਠੀ ਜੋੜੀ ਦੇ ਗ਼ਲਤ ਵਿਵਹਾਰ ਨੂੰ ਵਿਖਾਇਆ ਗਿਆ ਹੈ; ਜਿਸ ਉੱਤੇ ਹੁਣ ਅਧਿਕਾਰੀ ਕਾਰਵਾਈ ਕਰ ਰਹੇ ਦੱਸੇ ਜਾਂਦੇ ਹਨ।