Manmohan Singh Death: ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਪਾਰਟੀ ਦੇ ਨੇਤਾ ਫਵਾਦ ਚੌਧਰੀ (fawad chaudhry) ਨੇ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ (Manmohan Singh ) ਨੂੰ ਉਨ੍ਹਾਂ ਦੇ ਦੇਹਾਂਤ 'ਤੇ ਸ਼ਰਧਾਂਜਲੀ ਦਿੱਤੀ।
ਫਵਾਦ ਚੌਧਰੀ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਲਿਖਿਆ, 'ਡਾ. ਮਨਮੋਹਨ ਸਿੰਘ ਦੇ ਦੇਹਾਂਤ ਬਾਰੇ ਸੁਣ ਕੇ ਦੁੱਖ ਹੋਇਆ। ਅੱਜ ਭਾਰਤ ਜਿਸ ਆਰਥਿਕ ਸਥਿਰਤਾ ਦਾ ਆਨੰਦ ਮਾਣ ਰਿਹਾ ਹੈ, ਉਹ ਮੁੱਖ ਤੌਰ 'ਤੇ ਉਨ੍ਹਾਂ ਦੀਆਂ ਦੂਰਅੰਦੇਸ਼ੀ ਨੀਤੀਆਂ ਕਾਰਨ ਹੈ, 'ਉਨ੍ਹਾਂ ਦਾ ਜਨਮ ਜੇਹਲਮ ਦੇ ਗਾਹ ਪਿੰਡ ਵਿੱਚ ਹੋਇਆ ਸੀ, ਜੋ ਹੁਣ ਪੰਜਾਬ (ਪਾਕਿਸਤਾਨ) ਦੇ ਚਕਵਾਲ ਵਿੱਚ ਪੈਂਦਾ ਹੈ। ਜੇਹਲਮ ਦੇ ਪੁੱਤਰ ਡਾ: ਸਿੰਘ ਇਸ ਖੇਤਰ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਹਨ।
ਡਾ: ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਅਣਵੰਡੇ ਭਾਰਤ ਦੇ ਪੰਜਾਬ ਸੂਬੇ ਦੇ ਗਾਹ ਪਿੰਡ ਵਿੱਚ ਹੋਇਆ ਸੀ, ਜੋ ਹੁਣ ਪਾਕਿਸਤਾਨ ਵਿੱਚ ਹੈ। ਉਨ੍ਹਾਂ ਦੀ ਮੁਢਲੀ ਸਿੱਖਿਆ ਗਾਹ ਪਿੰਡ ਵਿੱਚ ਹੋਈ ਤੇ ਬਾਅਦ ਵਿੱਚ ਉਸਨੇ ਵੱਕਾਰੀ ਕੈਂਬਰਿਜ ਅਤੇ ਆਕਸਫੋਰਡ ਯੂਨੀਵਰਸਿਟੀਆਂ ਤੋਂ ਆਪਣੀ ਉੱਚ ਸਿੱਖਿਆ ਪੂਰੀ ਕੀਤੀ।
ਡਾ: ਮਨਮੋਹਨ ਸਿੰਘ ਨੇ 1991 ਵਿੱਚ ਭਾਰਤੀ ਅਰਥਚਾਰੇ ਦੇ ਉਦਾਰੀਕਰਨ ਵੱਲ ਇਤਿਹਾਸਕ ਕਦਮ ਚੁੱਕੇ। ਇਹ ਉਹ ਸਮਾਂ ਸੀ ਜਦੋਂ ਭਾਰਤ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਉਨ੍ਹਾਂ ਦੇ ਸੁਧਾਰਾਂ ਵਿੱਚ ਹੇਠ ਲਿਖੀਆਂ ਗੱਲਾਂ ਸ਼ਾਮਲ ਸਨ।
ਲਾਇਸੈਂਸ ਰਾਜ ਖ਼ਤਮ ਹੋਇਆ।
ਵਿਸ਼ਵ ਆਰਥਿਕ ਮੰਚ 'ਤੇ ਭਾਰਤ ਨੂੰ ਪ੍ਰਤੀਯੋਗੀ ਬਣਾਇਆ
ਆਰਥਿਕ ਵਿਕਾਸ ਦੇ ਨਵੇਂ ਰਾਹ ਖੋਲ੍ਹੇ
ਪ੍ਰਧਾਨ ਮੰਤਰੀ ਵਜੋਂ ਕਾਰਜਕਾਲ (2004-2014)
ਡਾ: ਸਿੰਘ ਨੇ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾਵਾਂ ਵਿੱਚੋਂ ਇੱਕ ਬਣ ਗਿਆ। ਵਿਦੇਸ਼ ਨੀਤੀ ਤੇ ਵਪਾਰ ਵਿੱਚ ਨਵੇਂ ਆਯਾਮ ਸਥਾਪਿਤ ਕੀਤੇ ਗਏ। ਸਿੱਖਿਆ, ਸਿਹਤ ਅਤੇ ਪੇਂਡੂ ਵਿਕਾਸ ਵਿੱਚ ਮਹੱਤਵਪੂਰਨ ਯੋਜਨਾਵਾਂ ਲਾਗੂ ਕੀਤੀਆਂ ਗਈਆਂ। ਡਾ: ਸਿੰਘ ਦੀ ਨੀਤੀ ਤੇ ਅਗਵਾਈ ਸ਼ੈਲੀ ਨੇ ਭਾਰਤੀ ਰਾਜਨੀਤੀ ਵਿੱਚ ਇੱਕ ਵੱਖਰੀ ਪਛਾਣ ਬਣਾਈ। ਉਨ੍ਹਾਂ ਦੀ ਇਮਾਨਦਾਰੀ ਅਤੇ ਦੂਰਅੰਦੇਸ਼ੀ ਦੀ ਭਾਰਤ ਅਤੇ ਪਾਕਿਸਤਾਨ ਦੋਵਾਂ ਵਿੱਚ ਸ਼ਲਾਘਾ ਕੀਤੀ ਗਈ।