Burkina Faso Attack: ਪੱਛਮੀ ਅਫਰੀਕੀ ਦੇਸ਼ ਬੁਰਕੀਨਾ ਫਾਸੋ 'ਚ ਅਣਪਛਾਤੇ ਹਮਲੇ 'ਚ 70 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਨਿਊਜ਼ ਏਜੰਸੀ ਰਾਇਟਰਜ਼ ਦੀ ਖਬਰ ਮੁਤਾਬਕ ਹਮਲੇ 'ਚ ਜ਼ਿਆਦਾਤਰ ਬੱਚਿਆਂ ਅਤੇ ਬਜ਼ੁਰਗਾਂ ਦੀ ਮੌਤ ਹੋ ਗਈ। ਇਹ ਹਮਲਾ ਦੇਸ਼ ਦੇ ਉੱਤਰੀ ਖੇਤਰ ਦੇ ਇੱਕ ਪਿੰਡ ਜਾਓਂਗੋ ਵਿੱਚ ਹੋਇਆ।
ਹਮਲਾਵਰਾਂ ਨੇ ਨਾ ਸਿਰਫ਼ ਲੋਕਾਂ ਨੂੰ ਮਾਰਿਆ ਸਗੋਂ ਪਿੰਡ ਵਾਸੀਆਂ ਦੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਅੱਗ ਲਗਾ ਦਿੱਤੀ। ਸੋਮਵਾਰ ਨੂੰ ਇੱਕ ਸਰਕਾਰੀ ਵਕੀਲ ਨੇ ਆਪਣੇ ਬਿਆਨ ਵਿੱਚ ਇਸ ਹਮਲੇ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਕਈ ਲੋਕ ਲਾਪਤਾ ਹੋ ਗਏ ਹਨ, ਕਈ ਜ਼ਖਮੀ ਹੋਏ ਹਨ ਅਤੇ ਕਈ ਮਾਰੇ ਜਾ ਚੁੱਕੇ ਹਨ। ਇਨ੍ਹਾਂ ਸਾਰੇ ਲੋਕਾਂ ਦੀ ਸਹੀ ਗਿਣਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਜਾਂਚ ਚੱਲ ਰਹੀ ਹੈ।
ਯੂਰਪੀ ਸੰਘ ਨੇ ਜਾਂਚ ਦੇ ਦਿੱਤੇ ਆਦੇਸ਼
ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੇਪ ਬੋਰੇਲ ਨੇ ਇੱਕ ਬਿਆਨ ਵਿੱਚ ਕਿਹਾ, "ਬੱਚਿਆਂ ਅਤੇ ਔਰਤਾਂ ਸਮੇਤ ਸੈਂਕੜੇ ਲੋਕਾਂ ਦਾ ਬੁਰਕੀਨਾ ਫਾਸੋ ਵਿੱਚ ਮਰਨ ਦਾ ਖਦਸ਼ਾ ਹੈ।" ਯੂਰਪੀ ਸੰਘ ਨੇ ਇਸ ਹਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜੋਸੇਪ ਬੋਰੇਲ ਨੇ ਲੋਕਾਂ ਦੀਆਂ ਮੌਤਾਂ ਬਾਰੇ ਬੁਰਕੀਨਾ ਫਾਸੋ ਦੀ ਫੌਜ ਤੋਂ ਜਵਾਬ ਮੰਗਿਆ ਹੈ। ਹਾਲਾਂਕਿ ਹੁਣ ਫੌਜ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Israel Hamas War: ਜੰਗ ਦੇ ਵਿਚਕਾਰ ਬੰਧਕਾਂ ਨੂੰ ਰਿਹਾਅ ਕਰਨ ਲਈ ਰਾਜ਼ੀ ਹੋਇਆ ਹਮਾਸ, ਇਜ਼ਰਾਈਲ ਅੱਗੇ ਰੱਖੀ ਇਹ ਸ਼ਰਤ
ਬੀਬੀਸੀ ਦੀ ਰਿਪੋਰਟ ਮੁਤਾਬਕ ਬੁਰਕੀਨਾ ਫਾਸੋ ਦੀ ਫੌਜ ਨੇ ਇਸਲਾਮਿਕ ਜੇਹਾਦੀ ਅੱਤਵਾਦੀ ਸੰਗਠਨਾਂ ਖਿਲਾਫ ਲੜਨ ਲਈ ਨਾਗਰਿਕਾਂ 'ਤੇ ਦਬਾਅ ਪਾਇਆ ਸੀ। ਕਿਹਾ ਜਾਂਦਾ ਹੈ ਕਿ ਪੂਰੇ ਦੇਸ਼ ਦਾ 40 ਫੀਸਦੀ ਹਿੱਸਾ ਇਸਲਾਮਿਕ ਜੇਹਾਦ ਅੱਤਵਾਦੀ ਸੰਗਠਨ ਦੇ ਕੰਟਰੋਲ 'ਚ ਹੈ।
ਜਾਓਂਗੋ ਪਿੰਡ ਦੇ ਇੱਕ ਨਿਵਾਸੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਪਿੰਡ ਅੱਤਵਾਦੀ ਸੰਗਠਨਾਂ ਦੇ ਕੰਟਰੋਲ 'ਚ ਨਹੀਂ ਹੈ। ਅਮਰੀਕਾ ਸਥਿਤ ਆਰਮਡ ਕੰਫਲਿਕਟ ਲੋਕੇਸ਼ਨ ਐਂਡ ਈਵੈਂਟ ਡੇਟਾ ਪ੍ਰੋਜੈਕਟ (ਏ.ਸੀ.ਐਲ.ਈ.ਡੀ.) ਮੁਤਾਬਕ ਪਿਛਲੇ ਸਾਲ ਦੇਸ਼ ਵਿੱਚ ਹਿੰਸਕ ਤਣਾਅ ਕਾਰਨ 1,400 ਤੋਂ ਵੱਧ ਨਾਗਰਿਕ ਮਾਰੇ ਗਏ ਸਨ। ਇਸ ਸਾਲ ਹੁਣ ਤੱਕ ਦੇਸ਼ 'ਚ ਹਿੰਸਾ ਕਾਰਨ ਕਰੀਬ 8,000 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।