ਚੰਡੀਗੜ੍ਹ: ਪਾਕਿਸਤਾਨੀ ਕ੍ਰਿਕੇਟਰ ਹਸਨ ਅਲੀ ਦੇ ਭਾਰਤੀ ਲੜਕੀ ਨਾਲ ਵਿਆਹ ਕਰਾਉਣ ਦੀਆਂ ਚਰਚਾਵਾਂ ਹੋ ਰਹੀਆਂ ਸੀ। ਹੁਣ ਉਨ੍ਹਾਂ ਟਵੀਟ ਕਰਕੇ ਪੁਸ਼ਟੀ ਕਰ ਦਿੱਤੀ ਹੈ ਕਿ ਭਾਰਤੀ ਲੜਕੀ ਨਾਲ ਉਨ੍ਹਾਂ ਦੇ ਵਿਆਹ ਦੀ ਗੱਲ ਜ਼ਰੂਰ ਹੋ ਰਹੀ ਹੈ ਪਰ ਇਸ ਬਾਰੇ ਹਾਲੇ ਕੁਝ ਵੀ ਤੈਅ ਨਹੀਂ। ਦੋਵਾਂ ਦੇ ਪਰਿਵਾਰਾਂ ਨੇ ਅਜੇ ਮਿਲਣਾ ਹੈ ਤੇ ਇਸ ਮੁਲਾਕਾਤ ਤੋਂ ਬਾਅਦ ਵਿਆਹ ਬਾਰੇ ਗੱਲ ਅੱਗੇ ਤੋਰੀ ਜਾਏਗੀ।

ਹਸਨ ਅਲੀ ਨੇ ਟਵੀਟ ਕਰਕੇ ਲਿਖਿਆ ਕਿ ਜਦੋਂ ਦੋਵੇਂ ਪਰਿਵਾਰ ਮਿਲ ਲੈਣਗੇ ਤਾਂ ਬਹੁਤ ਜਲਦ ਉਹ ਖ਼ੁਦ ਜਨਤਕ ਤੌਰ 'ਤੇ ਆਪਣੇ ਵਿਆਹ ਦਾ ਐਲਾਨ ਕਰਨਗੇ। ਦੱਸ ਦੇਈਏ ਹਸਨ ਅਲੀ ਮੇਵਾਤ ਦੀ ਲੜਕੀ ਸ਼ਾਮਿਆ ਆਰਜ਼ੂ ਨਾਲ ਵਿਆਹ ਕਰਾਉਣ ਦੀ ਗੱਲ ਤੋਰ ਰਹੇ ਹਨ ਜੋ ਏਅਰ ਅਮੀਰਾਤ ਵਿੱਚ ਫਲਾਈਟ ਇੰਜੀਨੀਅਰ ਹੈ ਤੇ ਨੂੰਹ ਦੇ ਪਿੰਡ ਚੰਦੈਨੀ ਦੀ ਰਹਿਣ ਵਾਲੀ ਹੈ।


ਇਸ ਤੋਂ ਪਹਿਲਾਂ ਰਿਪੋਰਟਾਂ ਆ ਰਹੀਆਂ ਸੀ ਕਿ ਦੋਵਾਂ ਦਾ ਵਿਆਹ 20 ਅਗਸਤ ਨੂੰ ਦੁਬਈ ਵਿੱਚ ਹੋਏਗਾ ਪਰ ਹੁਣ ਹਸਨ ਅਲੀ ਨੇ ਇਨ੍ਹਾਂ ਚਰਚਾਵਾਂ 'ਤੇ ਵਿਰ੍ਹਾਮ ਲਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਮਿਆ ਦਾ ਕੁਝ ਰਿਸ਼ਤੇਦਾਰ ਪਾਕਿਸਤਾਨ ਵਿੱਚ ਰਹਿੰਦੇ ਹਨ। ਉੱਥੋਂ ਹੀ ਰਿਸ਼ਤੇ ਦੀ ਗੱਲ ਹੋ ਰਹੀ ਹੈ।