Pakistan Suicide Bombing : ਪਾਕਿਸਤਾਨ ਦੇ ਸਵਾਤ 'ਚ ਅੱਤਵਾਦ ਰੋਕੂ ਵਿਭਾਗ ਦੇ ਦਫਤਰ 'ਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ ਵਿੱਚ ਅੱਠ ਪੁਲਿਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 57 ਤੋਂ ਵੱਧ ਜ਼ਖ਼ਮੀ ਹੋ ਗਏ। ਅੱਤਵਾਦੀ ਨੇ ਖੁਦ ਨੂੰ ਵੀ ਉਡਾ ਲਿਆ ਹੈ।
ਖੈਬਰ ਪਖਤੂਨਖਵਾ ਦੇ ਪੁਲਿਸ ਇੰਸਪੈਕਟਰ ਜਨਰਲ ਅਖਤਰ ਹਯਾਤ ਖਾਨ ਨੇ ਇਸ ਅੱਤਵਾਦੀ ਹਮਲੇ ਤੋਂ ਬਾਅਦ ਕਿਹਾ ਕਿ ਪੂਰੇ ਸੂਬੇ 'ਚ ਹਾਈ ਅਲਰਟ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ਅਧਿਕਾਰੀ ਸ਼ਫੀ ਉੱਲਾ ਗੰਡਾਪੁਰ (ਡੀਪੀਓ) ਨੇ ਕਿਹਾ ਕਿ ਸਟੇਸ਼ਨ ਦੇ ਅੰਦਰ ਦੋ ਧਮਾਕੇ ਹੋਏ, ਜਿਸ ਨਾਲ ਇਮਾਰਤ ਤਬਾਹ ਹੋ ਗਈ। ਉਨ੍ਹਾਂ ਦੱਸਿਆ ਕਿ ਇਮਾਰਤ ਡਿੱਗਣ ਕਾਰਨ ਬਿਜਲੀ ਗੁੱਲ ਹੋ ਗਈ ਸੀ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜੀਓ ਨਿਊਜ਼ ਮੁਤਾਬਕ ਉਹ ਸ਼ੱਕੀ ਅੱਤਵਾਦੀ ਦੱਸਿਆ ਜਾ ਰਿਹਾ ਹੈ। ਸਟੇਸ਼ਨ ਦੇ ਅੰਦਰ ਦੋ ਧਮਾਕੇ ਹੋਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਥਾਣੇ ਦੀ ਪੂਰੀ ਇਮਾਰਤ ਢਹਿ ਗਈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਖਾਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਧਮਾਕੇ ਵਿੱਚ ਮਰਨ ਵਾਲਿਆਂ ਪ੍ਰਤੀ ਅਫਸੋਸ ਪ੍ਰਗਟ ਕੀਤਾ ਹੈ। ਸਨਾਉੱਲਾ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ 'ਚ ਅੱਤਵਾਦ ਦਾ ਇਹ ਸਰਾਪ ਜਲਦ ਹੀ ਉਖਾੜ ਸੁੱਟਿਆ ਜਾਵੇਗਾ।
ਇਹ ਹਮਲਾ ਸੀ ਫਿਦਾਇਨ
ਬਚਾਅ 1122 ਦੀ ਬੁਲਾਰਾ ਆਇਸ਼ਾ ਖਾਨ ਨੇ ਜ਼ਖਮੀਆਂ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਜ਼ਖਮੀਆਂ ਵਿਚ ਤਿੰਨ ਨਾਗਰਿਕ ਵੀ ਸ਼ਾਮਲ ਹਨ। ਡਾਨ ਡਾਟ ਕਾਮ ਦੀ ਰਿਪੋਰਟ ਮੁਤਾਬਕ ਇਹ ਆਤਮਘਾਤੀ ਧਮਾਕਾ ਸੀ। ਘਟਨਾ ਵਿੱਚ ਜ਼ਖਮੀ ਹੋਏ ਇੱਕ ਪੁਲਿਸ ਅਧਿਕਾਰੀ ਦੇ ਅਨੁਸਾਰ, ਹਮਲਾ ਪੁਲਿਸ ਸਟੇਸ਼ਨ ਕੰਪਲੈਕਸ ਦੇ ਅੰਦਰ ਰਾਤ 8:20 ਵਜੇ ਦੇ ਕਰੀਬ ਹੋਇਆ, ਜਿਸ ਵਿੱਚ ਅੱਤਵਾਦ ਰੋਕੂ ਵਿਭਾਗ ਅਤੇ ਇੱਕ ਮਸਜਿਦ ਵੀ ਹੈ।
ਜ਼ਖਮੀ ਪੁਲਿਸ ਅਧਿਕਾਰੀ ਨੇ ਡਾਨ ਡਾਟ ਕਾਮ ਨੂੰ ਦੱਸਿਆ ਕਿ ਧਮਾਕੇ ਤੋਂ ਬਾਅਦ ਤਿੰਨੋਂ ਇਮਾਰਤਾਂ ਢਹਿ ਗਈਆਂ ਅਤੇ ਤੁਰੰਤ ਬਾਅਦ ਅੱਗ ਲੱਗ ਗਈ। ਜਦੋਂ ਧਮਾਕਾ ਹੋਇਆ ਤਾਂ ਮੈਂ ਰਸੋਈ ਵਿੱਚ ਸੀ। ਮੈਂ ਦੋ ਧਮਾਕੇ ਸੁਣੇ।
ਇਹ ਅੱਤਵਾਦੀ ਹਮਲਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਪਾਕਿਸਤਾਨ 'ਚ ਅੱਤਵਾਦ ਨਾਲ ਜੁੜੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ 'ਚ ਅੱਤਵਾਦੀ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸੁਰੱਖਿਆ ਏਜੰਸੀਆਂ ਨੇ ਵੀ ਅੱਤਵਾਦੀਆਂ ਖਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਹੈ।