Hindu Temple In Pakistan: ਪਾਕਿਸਤਾਨ ਦੇ ਲਾਹੌਰ 'ਚ ਸਥਿਤ 1200 ਸਾਲ ਪੁਰਾਣੇ ਹਿੰਦੂ ਮੰਦਿਰ ਦਾ ਨਾਜਾਇਜ਼ ਕਬਜ਼ਾ ਹਟਾਉਣ ਤੋਂ ਬਾਅਦ ਹੁਣ ਇਸ ਨੂੰ ਬਹਾਲ ਕੀਤਾ ਜਾਵੇਗਾ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਫੈਡਰਲ ਬਾਡੀ ਜੋ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਲਈ ਪੂਜਾ ਸਥਾਨਾਂ ਦੀ ਨਿਗਰਾਨੀ ਕਰਦੀ ਹੈ, ਨੇ ਪਿਛਲੇ ਮਹੀਨੇ ਲਾਹੌਰ ਦੇ ਇਕ ਈਸਾਈ ਪਰਿਵਾਰ ਤੋਂ ਮਸ਼ਹੂਰ ਅਨਾਰਕਲੀ ਬਾਜ਼ਾਰ ਲਾਹੌਰ ਦੇ ਨੇੜੇ ਸਥਿਤ ਵਾਲਮੀਕਿ ਮੰਦਿਰ ਨੂੰ ਵਾਪਸ ਲੈ ਲਿਆ ਸੀ। ਹਿੰਦੂ ਧਰਮ ਅਪਣਾਉਣ ਦਾ ਦਾਅਵਾ ਕਰਨ ਵਾਲਾ ਈਸਾਈ ਪਰਿਵਾਰ ਪਿਛਲੇ ਦੋ ਦਹਾਕਿਆਂ ਤੋਂ ਸਿਰਫ਼ ਵਾਲਮੀਕਿ ਜਾਤੀ ਦੇ ਹਿੰਦੂਆਂ ਨੂੰ ਹੀ ਮੰਦਿਰ ਵਿੱਚ ਪੂਜਾ-ਪਾਠ ਦੀ ਸਹੂਲਤ ਦੇ ਰਿਹਾ ਸੀ।


ਈਟੀਪੀਬੀ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ‘ਮਾਸਟਰ ਪਲਾਨ’ ਤਹਿਤ ਵਾਲਮੀਕਿ ਮੰਦਰ ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਹਿੰਦੂ, ਕੁਝ ਸਿੱਖ ਅਤੇ ਈਸਾਈ ਆਗੂ ਅੱਜ ਵਾਲਮੀਕਿ ਮੰਦਰ ਵਿੱਚ ਇਕੱਠੇ ਹੋਏ। ਹਿੰਦੂਆਂ ਨੇ ਆਪਣੀਆਂ ਧਾਰਮਿਕ ਰਸਮਾਂ ਨਿਭਾਈਆਂ ਅਤੇ ਪਹਿਲੀ ਵਾਰ ਲੰਗਰ (ਪ੍ਰਸ਼ਾਦ) ਦਾ ਆਯੋਜਨ ਕੀਤਾ ਗਿਆ।

ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਕਬਜ਼ਾ ਮਿਲਿਆ
ਇਸਾਈ ਪਰਿਵਾਰ ਨੇ ਵੀਹ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਮੰਦਰ 'ਤੇ ਕਬਜ਼ਾ ਕਰ ਲਿਆ ਸੀ। ਹਾਲਾਂਕਿ ਮਾਲ ਰਿਕਾਰਡ ਵਿੱਚ ਮੰਦਰ ਦੀ ਜ਼ਮੀਨ ਈਟੀਪੀਬੀ ਨੂੰ ਤਬਦੀਲ ਕਰ ਦਿੱਤੀ ਗਈ ਸੀ, ਪਰ ਈਸਾਈ ਪਰਿਵਾਰ ਨੇ ਜਾਇਦਾਦ ਦਾ ਮਾਲਕ ਹੋਣ ਦਾ ਦਾਅਵਾ ਕਰਦੇ ਹੋਏ 2010-2011 ਵਿੱਚ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਜਦੋਂ ਮਾਮਲਾ ਅਦਾਲਤ ਵਿੱਚ ਪਹੁੰਚਿਆ ਤਾਂ ਇਸ ਵਾਰ ਅਦਾਲਤ ਨੇ ਪਟੀਸ਼ਨਰ ਨੂੰ ਝੂਠੇ ਦਾਅਵਿਆਂ ਨੂੰ ਰੱਦ ਕਰਦਿਆਂ ਫਟਕਾਰ ਲਗਾਈ।

ਦੱਸ ਦੇਈਏ ਕਿ ਭਾਰਤ ਵਿੱਚ 1992 ਵਿੱਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਹਥਿਆਰਾਂ ਨਾਲ ਲੈਸ ਗੁੱਸੇ ਵਿੱਚ ਆਈ ਭੀੜ ਨੇ ਵਾਲਮੀਕਿ ਮੰਦਰ ਵਿੱਚ ਧਾਵਾ ਬੋਲ ਦਿੱਤਾ ਸੀ। ਭੀੜ ਨੇ ਕ੍ਰਿਸ਼ਨ ਅਤੇ ਵਾਲਮੀਕੀ ਮੰਦਰਾਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮੰਦਿਰ ਦੀ ਰਸੋਈ 'ਚ ਪਏ ਭਾਂਡੇ ਅਤੇ ਕਰਾਕੇਰੀ ਨੂੰ ਨੁਕਸਾਨ ਪਹੁੰਚਾਇਆ ਅਤੇ ਮੰਦਰ ਅੰਦਰ ਮੂਰਤੀਆਂ 'ਤੇ ਸਜਾਏ ਸੋਨੇ ਦੇ ਗਹਿਣੇ ਲੁੱਟ ਲਏ |


ETPB ਕੌਣ ਹੈ


ਈਟੀਪੀਬੀ ਦੇ ਬੁਲਾਰੇ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਦੁਆਰਾ ਗਠਿਤ ਇੱਕ ਮੈਂਬਰੀ ਕਮਿਸ਼ਨ ਨੇ ਸਰਕਾਰ ਨੂੰ ਆਪਣੀਆਂ ਸਿਫ਼ਾਰਸ਼ਾਂ ਸੌਂਪੀਆਂ, ਜਿਸ ਵਿੱਚ ਕਿਹਾ ਗਿਆ ਹੈ ਕਿ ਹਿੰਦੂ ਭਾਈਚਾਰੇ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਮੰਦਰ ਦਾ ਮੁਰੰਮਤ ਕੀਤਾ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ETPB ਵੰਡ ਤੋਂ ਬਾਅਦ ਭਾਰਤ ਪਰਵਾਸ ਕਰਨ ਵਾਲੇ ਸਿੱਖਾਂ ਅਤੇ ਹਿੰਦੂਆਂ ਦੁਆਰਾ ਛੱਡੇ ਗਏ ਮੰਦਰਾਂ ਅਤੇ ਜ਼ਮੀਨਾਂ ਦੀ ਦੇਖਭਾਲ ਕਰਦਾ ਹੈ। ਇਹ ਪੂਰੇ ਪਾਕਿਸਤਾਨ ਵਿੱਚ 200 ਗੁਰਦੁਆਰਿਆਂ ਅਤੇ 150 ਮੰਦਰਾਂ ਦੀ ਨਿਗਰਾਨੀ ਕਰਦਾ ਹੈ।