Pakistan Army To Stay Out Of Politics: ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਆਪਣੇ ਦੇਸ਼ ਦੀ ਫ਼ੌਜ ਨੂੰ ਭਰੋਸਾ ਦਿੱਤਾ ਹੈ ਕਿ ਹਥਿਆਰਬੰਦ ਫ਼ੌਜਾਂ ਨੇ ਰਾਜਨੀਤੀ ਤੋਂ ਦੂਰੀ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹਾ ਕਰਨਾ ਜਾਰੀ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵੰਬਰ 'ਚ ਆਪਣਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਅਹੁਦਾ ਛੱਡਣ ਦਾ ਵਾਅਦਾ ਵੀ ਦੁਹਰਾਇਆ।


61 ਸਾਲਾ ਬਾਜਵਾ 29 ਨਵੰਬਰ ਨੂੰ ਹੋਣਗੇ ਸੇਵਾਮੁਕਤ 


ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਕਿਹਾ ਹੈ ਕਿ ਅਗਲੇ ਮਹੀਨੇ ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਕੀਤੀ ਜਾਵੇਗੀ। ਬਾਜਵਾ ਨੂੰ 2019 ਵਿੱਚ ਤਿੰਨ ਸਾਲ ਦੇ ਦੂਜੇ ਕਾਰਜਕਾਲ ਲਈ ਐਕਸਟੈਂਸ਼ਨ ਦਿੱਤਾ ਗਿਆ ਸੀ। ਇਹ ਟਿੱਪਣੀ ਵਾਸ਼ਿੰਗਟਨ ਸਥਿਤ ਪਾਕਿਸਤਾਨੀ ਦੂਤਾਵਾਸ 'ਚ ਆਯੋਜਿਤ ਦੁਪਹਿਰ ਦੇ ਖਾਣੇ 'ਤੇ ਆਈ ਹੈ।


ਦੁਵੱਲੇ ਸਹਿਯੋਗ ਦੇ ਮਾਮਲਿਆਂ 'ਤੇ ਚਰਚਾ 


ਮੰਨਿਆ ਜਾ ਰਿਹਾ ਹੈ ਕਿ ਇਹ ਟਿੱਪਣੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਫ਼ੌਜ ਵਿਰੋਧੀ ਬਿਆਨ ਦੇ ਮੱਦੇਨਜ਼ਰ ਆਈ ਹੈ। ਇਸ ਦੌਰਾਨ ਬਾਜਵਾ ਨੇ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ, ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕਬ ਸੁਲੀਵਾਨ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਆਪਸੀ ਹਿੱਤਾਂ, ਖੇਤਰੀ ਸੁਰੱਖਿਆ ਅਤੇ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੇ ਮੁੱਦਿਆਂ 'ਤੇ ਚਰਚਾ ਕੀਤੀ ਗਈ।


ਇਮਰਾਨ ਖ਼ਾਨ ਕਰਨਗੇ ਵਿਰੋਧ 


ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਾਲ ਹੀ 'ਚ ਪਾਰਟੀ ਵਰਕਰਾਂ ਨੂੰ ਇਸਲਾਮਾਬਾਦ 'ਚ 'ਹਕੀਕੀ ਆਜ਼ਾਦੀ ਮਾਰਚ' ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਸ ਬਾਰੇ ਪਾਕਿਸਤਾਨ ਸਰਕਾਰ ਨੇ ਕਿਹਾ ਕਿ ਇਮਰਾਨ ਦੇ ਇਸ ਮਾਰਚ ਨੂੰ ਇਸਲਾਮਾਬਾਦ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਨੂੰ ਰੋਕਣ ਲਈ ਪਾਕਿਸਤਾਨੀ ਫ਼ੌਜ ਤਾਇਨਾਤ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਹੁਣ ਬਾਜਵਾ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਪਾਕਿਸਤਾਨੀ ਫ਼ੌਜ ਹਰ ਤਰ੍ਹਾਂ ਦੇ ਸਿਆਸੀ ਮੁੱਦਿਆਂ ਤੋਂ ਦੂਰ ਰਹੇਗੀ। ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਮਰਾਨ ਖ਼ਾਨ ਦੇ ਵਿਰੋਧ ਨੂੰ ਸ਼ਾਂਤ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: Thailand Firing: ਥਾਈਲੈਂਡ 'ਚ ਸਾਬਕਾ ਪੁਲਿਸ ਮੁਲਾਜ਼ਮ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 30 ਦੀ ਹੋਈ ਮੌਤ, ਹਮਲਾਵਰ ਨੇ ਖੁਦ ਨੂੰ ਮਾਰੀ ਗੋਲੀ