Pakistan Balochistan Gun Shooting: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਕੋਲੇ ਦੀ ਖਾਨ 'ਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ, ਜਿਸ 'ਚ 20 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਇਹ ਹਮਲਾ ਵੀਰਵਾਰ (10 ਅਕਤੂਬਰ) ਦੇਰ ਰਾਤ ਦੁਕੀ ਜ਼ਿਲ੍ਹੇ ਵਿੱਚ ਹੋਇਆ, ਜਿੱਥੇ ਬੰਦੂਕਧਾਰੀਆਂ ਨੇ ਖਾਨ ਦੇ ਨੇੜੇ ਰਹਿੰਦੇ ਲੋਕਾਂ ਦੇ ਘਰਾਂ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਅਧਿਕਾਰੀ ਹੁਮਾਯੂੰ ਖਾਨ ਨਾਸਿਰ ਨੇ ਕਿਹਾ ਕਿ ਮਾਰੇ ਗਏ ਅਤੇ ਜ਼ਖਮੀ ਹੋਏ ਜ਼ਿਆਦਾਤਰ ਬਲੋਚਿਸਤਾਨ ਦੇ ਪਸ਼ਤੂਨ ਬੋਲਣ ਵਾਲੇ ਇਲਾਕਿਆਂ ਦੇ ਸਨ ਅਤੇ ਮਰਨ ਵਾਲਿਆਂ ਵਿਚ ਤਿੰਨ ਅਫਗਾਨ ਨਾਗਰਿਕ ਵੀ ਸ਼ਾਮਲ ਹਨ।



ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਇਹ ਹਮਲਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਅਗਲੇ ਕੁਝ ਦਿਨਾਂ 'ਚ ਰਾਜਧਾਨੀ ਇਸਲਾਮਾਬਾਦ 'ਚ ਇਕ ਵੱਡਾ ਸੁਰੱਖਿਆ ਸੰਮੇਲਨ ਆਯੋਜਿਤ ਹੋਣ ਜਾ ਰਿਹਾ ਹੈ। ਅਜੇ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਹ ਇਲਾਕਾ ਲੰਬੇ ਸਮੇਂ ਤੋਂ ਵੱਖਵਾਦੀ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ। ਇੱਥੇ ਬਹੁਤ ਸਾਰੇ ਸਮੂਹ ਪਾਕਿਸਤਾਨੀ ਸਰਕਾਰ 'ਤੇ ਤੇਲ ਅਤੇ ਖਣਿਜਾਂ ਨਾਲ ਭਰਪੂਰ ਬਲੋਚਿਸਤਾਨ ਦੇ ਸਰੋਤਾਂ ਦਾ ਗਲਤ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੇ ਹਨ।


ਬਲੋਚਿਸਤਾਨ ਦੀ ਸਥਿਤੀ ਕਿਵੇਂ ਹੈ?


ਵੱਖਵਾਦੀ ਅਤੇ ਅੱਤਵਾਦੀ ਗਤੀਵਿਧੀਆਂ ਕਾਰਨ ਬਲੋਚਿਸਤਾਨ ਸੂਬੇ ਵਿੱਚ ਲੰਬੇ ਸਮੇਂ ਤੋਂ ਅਸਥਿਰਤਾ ਬਣੀ ਹੋਈ ਹੈ। ਇਹ ਹਮਲਾ ਇਸ ਖੇਤਰ ਵਿੱਚ ਹਾਲ ਦੇ ਸਮੇਂ ਵਿੱਚ ਵਾਪਰੀਆਂ ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਪਾਕਿਸਤਾਨ ਦੇ ਸਭ ਤੋਂ ਵੱਡੇ ਹਵਾਈ ਅੱਡੇ ਦੇ ਬਾਹਰ ਚੀਨੀ ਨਾਗਰਿਕਾਂ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਪਾਕਿਸਤਾਨ ਵਿੱਚ ਹਜ਼ਾਰਾਂ ਚੀਨੀ ਨਾਗਰਿਕ ਕੰਮ ਕਰਦੇ ਹਨ, ਜੋ ਬੀਜਿੰਗ ਦੇ ਅਰਬਾਂ ਡਾਲਰ ਦੇ ਬੈਲਟ ਐਂਡ ਰੋਡ ਪ੍ਰੋਜੈਕਟ ਨਾਲ ਜੁੜੇ ਹੋਏ ਹਨ।


ਪਾਕਿਸਤਾਨ ਵਿੱਚ ਐਸਸੀਓ ਸੰਮੇਲਨ


ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ 15 ਅਤੇ 16 ਅਕਤੂਬਰ ਨੂੰ ਪਾਕਿਸਤਾਨ 'ਚ ਹੋਣ ਜਾ ਰਹੀ ਹੈ। ਭਾਰਤ ਵੱਲੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਇਸ ਵਿੱਚ ਹਿੱਸਾ ਲੈਣ ਜਾ ਰਹੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਵਾਪਰੀ ਤਾਜ਼ਾ ਘਟਨਾ ਨੇ ਸੁਰੱਖਿਆ ਦੇ ਲਿਹਾਜ਼ ਨਾਲ ਚਿੰਤਾ ਪੈਦਾ ਕਰ ਦਿੱਤੀ ਹੈ।


ਹੋਰ ਪੜ੍ਹੋ : ਭਾਰਤ ਦਾ ਇਹ ਗੁਆਂਢੀ ਮੁਲਕ ਬਣਿਆ ਸਭ ਤੋਂ ਵੱਧ ਮੌ*ਤ ਦੀ ਸਜ਼ਾ ਦੇਣ ਵਾਲਾ, ਸਾਊਦੀ ਨੂੰ ਛੱਡਿਆ ਪਿੱਛੇ