Pakistan Crime News: ਪਾਕਿਸਤਾਨ ਦੇ ਹੈਦਰਾਬਾਦ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਾਂ-ਧੀ ਨੂੰ ਉਨ੍ਹਾਂ ਦੇ ਹੀ ਰਿਸ਼ਤੇਦਾਰਾਂ ਨੇ ਕੰਧ ਨਾਲ ਜ਼ਿੰਦਾ ਚਿਣ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਆਸਪਾਸ ਦੇ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ, ਜਿਸ ਕਾਰਨ ਦੋਹਾਂ ਦੀ ਜਾਨ ਬਚ ਗਈ। ARY News ਨੇ ਇਸ ਘਿਨਾਉਣੇ ਅਪਰਾਧ ਨੂੰ ਜ਼ਮੀਨੀ ਵਿਵਾਦ ਨਾਲ ਜੁੜਿਆ ਮਾਮਲਾ ਦੱਸਿਆ ਹੈ। ਪੁਲਿਸ ਨੇ ਸਖ਼ਤ ਕਾਰਵਾਈ ਦਾ ਭਰੋਸਾ ਦਿੰਦਿਆਂ ਐਫਆਈਆਰ ਦਰਜ ਕਰ ਲਈ ਹੈ।
ਪਾਕਿਸਤਾਨੀ ਨਿਊਜ਼ ਚੈਨਲ ਏਆਰਵਾਈ ਮੁਤਾਬਕ ਪੂਰਾ ਮਾਮਲਾ ਪਾਕਿਸਤਾਨ ਦੇ ਹੈਦਰਾਬਾਦ ਇਲਾਕੇ ਦਾ ਹੈ, ਜਿੱਥੇ ਮਾਂ-ਧੀ ਇੱਕ ਘਰ ਵਿੱਚ ਰਹਿੰਦੀਆਂ ਸਨ। ਔਰਤ ਦੇ ਦਿਓਰ ਤੇ ਉਸ ਦੇ ਲੜਕਿਆਂ ਨੇ ਮਿਲ ਕੇ ਮਾਂ-ਧੀ ਨੂੰ ਕੰਧ ਵਿੱਚ ਚਿਣ ਦਿੱਤਾ ਸੀ। ਸਥਾਨਕ ਲੋਕਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਕੰਧ ਤੋੜ ਕੇ ਮਾਂ-ਧੀ ਦੀ ਜਾਨ ਬਚਾਈ। ਬਾਹਰ ਆ ਕੇ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਨੇ ਵੀ ਉਸੇ ਘਰ ਵਿੱਚ ਉਸ ਦੇ ਦਿਓਰ ਨੂੰ ਇੱਕ ਕਮਰਾ ਦਿੱਤਾ ਹੋਇਆ ਹੈ, ਘਰ ਦੇ ਦਸਤਾਵੇਜ਼ ਉਸ ਦੇ ਦਿਓਰ ਕੋਲ ਹੀ ਹਨ।
ਔਰਤ ਨੇ ਦੱਸਿਆ ਕਿ ਉਸ ਦਾ ਦਿਓਰ ਤੇ ਉਸ ਦੇ ਬੱਚੇ ਕਾਫੀ ਸਮੇਂ ਤੋਂ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਇਨ੍ਹਾਂ ਲੋਕਾਂ ਨੇ ਪਹਿਲਾਂ ਔਰਤ ਤੇ ਉਸ ਦੀ ਬੇਟੀ ਨੂੰ ਇਕ ਜਗ੍ਹਾ 'ਤੇ ਬੰਦ ਕਰ ਦਿੱਤਾ ਅਤੇ ਅਚਾਨਕ ਕੰਧ ਵਿੱਚ ਚਿਣਾਈ ਸ਼ੁਰੂ ਕਰ ਦਿੱਤੀ। ਪੁਲੀਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ ਹੈ।
ਸੀਨੀਅਰ ਪੁਲਿਸ ਕਪਤਾਨ ਡਾ: ਫਾਰੂਕ ਲਿੰਜਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਪਾਕਿਸਤਾਨ 'ਚ ਜ਼ਮੀਨੀ ਵਿਵਾਦ 'ਚ ਖੂਨ ਖਰਾਬੇ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਪਿਛਲੀ ਮਈ ਨੂੰ ਪੇਸ਼ਾਵਰ ਦੇ ਚਮਕਾਨੀ ਇਲਾਕੇ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਖੂਨੀ ਸੰਘਰਸ਼ 'ਚ 5 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ 'ਚ ਕਿਹਾ ਸੀ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ 'ਚ ਭਿਆਨਕ ਲੜਾਈ ਹੋਈ ਸੀ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ।