ਇਸਲਾਮਾਬਾਦ: ਪਾਕਿਸਤਾਨ ਦੇ ਸਿੰਧ ਖੇਤਰ ‘ਚ ਪਿਛਲੇ ਇੱਕ ਹਫਤੇ ‘ਚ ਕਰੀਬ 400 ਤੋਂ ਜ਼ਿਆਦਾ ਲੋਕ ਐਚਆਈਵੀ ਤੋਂ ਪੀੜਤ ਹੋ ਗਏ। ਇਨ੍ਹਾਂ ‘ਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਇਸ ਦਾ ਇਲਜ਼ਾਮ ਲਰਕਾਨਾ ਦੇ ਇੱਕ ਡਾਕਟਰ ‘ਤੇ ਲੱਗ ਰਿਹਾ ਹੈ। ਲੋਕਾਂ ਨੂੰ ਸ਼ੱਕ ਹੈ ਕਿ ਡਾਕਟਰ ਨੇ ਏਡਜ਼ ਦੀ ਸੰਕਰਮਿਤ ਸੂਈ ਕਈ ਲੋਕਾਂ ਨੂੰ ਲਾਈ ਜਿਸ ਨਾਲ ਇਹ ਬਿਮਾਰੀ ਫੈਲ ਰਹੀ ਹੈ। ਲੋਕਾਂ ‘ਚ ਡਾਕਟਰ ਖਿਲਾਫ ਭਾਰੀ ਰੋਸ ਹੈ।

ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ 400 ਤੋਂ ਜ਼ਿਆਦਾ ਲੋਕ ਐਚਆਈਵੀ ਨਾਲ ਪੀੜਤ ਹਨ ਜਿਨ੍ਹਾਂ ਦੀ ਗਿਣਤੀ ਹੋਣ ਵਧਣ ਦਾ ਸ਼ੱਕ ਹੈ। ਲਰਕਾਨਾ ਪਿੰਡ ਦੇ ਲੋਕ ਡਰੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰੋਗ ਉਨ੍ਹਾਂ ਨੂੰ ਡਾਕਟਰ ਦੀ ਗਲਤੀ ਨਾਲ ਹੋਇਆ ਹੈ। ਉਧਰ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ਾਂ ਦੇ ਇਲਾਜ ਲਈ ਕਰਮੀਆਂ ਤੇ ਸਾਧਨਾਂ ਦੀ ਭਾਰੀ ਕਮੀ ਹੈ।

ਹੁਣ ਲੋਕ ਆਪਣੇ ਬੱਚਿਆਂ ਦੇ ਵੀ ਐਚਆਈਵੀ ਟੈਸਟ ਕਰਵਾ ਰਹੇ ਹਨ। ਇਸ ਦੇ ਨਾਲ ਹੀ ਯੂਐਨਏਆਈਡੀਐਸ ਦੀ ਰਿਪੋਰਟ ਮੁਤਾਬਕ ਪਾਕਿਸਤਾਨ ‘ਚ ਛੇ ਲੱਖ ਤੋਂ ਜ਼ਿਆਦ ਫਰਜ਼ੀ ਡਾਕਟਰ ਲੋਕਾਂ ਦਾ ਇਲਾਜ ਕਰ ਰਹੇ ਹਨ। ਸਿਰਫ ਸਿੰਧ ‘ਚ ਹੀ 2 ਲੱਖ ਦੇ ਕਰੀਬ ਫਰਜ਼ੀ ਡਾਕਟਰ ਹਨ। ਪਾਕਿਸਤਾਨ ‘ਚ ਐਚਆਈਵੀ ਨੂੰ ਲੈ ਕੇ ਲੋਕਾਂ ‘ਚ ਜਾਗਰੂਕਤਾ ਨਹੀਂ ਹੈ। ਇਸ ਦਾ ਵੱਡਾ ਕਾਰਨ ਸਿੱਖਿਆ ਦੀ ਕਮੀ ਤੇ ਗਰੀਬੀ ਹੈ।

ਉਧਰ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਐਚਆਈਵੀ ਦੇ ਮਾਮਲਿਆਂ ‘ਚ ਪਾਕਿਸਤਾਨ ਏਸ਼ੀਆ ‘ਚ ਦੂਜੇ ਨੰਬਰ ‘ਤੇ ਹੈ। 2017 ‘ਚ ਸਿਰਫ ਪਾਕਿਸਤਾਨ ‘ਚ ਏਡਜ਼ ਦੇ 20 ਹਜ਼ਾਰ ਮਾਮਲੇ ਸਾਹਮਣੇ ਆਏ ਹਨ।