Pakistan Karachi Fire: ਪਾਕਿਸਤਾਨ ਦੇ ਕਰਾਚੀ ਦੇ ਰਾਸ਼ਿਦ ਮਿਨਹਾਸ ਰੋਡ 'ਤੇ ਸਥਿਤ ਆਰਜੇ ਮਾਲ 'ਚ ਅੱਜ ਯਾਨੀ ਸ਼ਨੀਵਾਰ (25 ਨਵੰਬਰ) ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ। ਕਰਾਚੀ ਵਿੱਚ ਸਥਾਨਕ ਹਸਪਤਾਲਾਂ ਤੇ ਪੁਲਿਸ ਦੇ ਅਧਿਕਾਰੀਆਂ ਨੇ ਡਾਨ ਨਿਊਜ਼ ਨੂੰ ਦੱਸਿਆ ਕਿ ਹਸਪਤਾਲਾਂ ਵਿੱਚ ਨੌਂ ਲਾਸ਼ਾਂ ਲਿਆਂਦੀਆਂ ਗਈਆਂ ਹਨ। ਅੱਠ ਲਾਸ਼ਾਂ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ ਜੇਪੀਐਮਸੀ ਅਤੇ ਇੱਕ ਸਿਵਲ ਹਸਪਤਾਲ ਕਰਾਚੀ (ਸੀਐਚਕੇ) ਵਿੱਚ ਲਿਆਂਦੀਆਂ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਇੱਕ 18 ਸਾਲਾ ਜ਼ਖ਼ਮੀ ਲੜਕੀ ਨੂੰ ਸਿਵਲ ਹਸਪਤਾਲ ਕਰਾਚੀ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਸ ਦੀ ਮੌਤ ਹੋ ਗਈ।


ਇਸ ਪੂਰੀ ਘਟਨਾ ਦੀ ਰਿਪੋਰਟ ਕਰਾਚੀ ਦੇ ਮੁੱਖ ਮੰਤਰੀ ਨੂੰ ਵੀ ਸੌਂਪੀ ਗਈ ਹੈ। ਰਿਪੋਰਟਾਂ ਅਨੁਸਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਲਤਾਫ਼ ਸ਼ੇਖ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਮਾਲ ਵਿੱਚੋਂ 22 ਲੋਕਾਂ ਨੂੰ ਬਚਾਇਆ ਗਿਆ ਅਤੇ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ ਜੇਪੀਐਮਸੀ ਵਿੱਚ ਤਬਦੀਲ ਕੀਤਾ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਰਸਤੇ ਵਿੱਚ ਮੌਤ ਹੋ ਗਈ। ਇਸ 'ਤੇ ਡੀਸੀ ਨੇ ਦੱਸਿਆ ਕਿ ਇਮਾਰਤ ਨੂੰ ਚੌਥੀ ਮੰਜ਼ਿਲ ਤੱਕ ਖਾਲੀ ਕਰਵਾ ਲਿਆ ਗਿਆ ਹੈ, ਜਦਕਿ ਪੰਜਵੀਂ ਅਤੇ ਛੇਵੀਂ ਮੰਜ਼ਿਲ ਨੂੰ ਖਾਲੀ ਕਰਵਾਉਣ ਦਾ ਕੰਮ ਚੱਲ ਰਿਹਾ ਹੈ।


ਮਾਲ 'ਚ ਸਵੇਰੇ 6:30 ਵਜੇ ਅੱਗ ਲੱਗ ਗਈ


ਸ਼ਰੀਆ ਫੈਸਲ ਸਟੇਸ਼ਨ ਹਾਊਸ ਅਫਸਰ (ਐਸਐਚਓ) ਰਾਜਾ ਤਾਰਿਕ ਮਹਿਮੂਦ ਨੇ ਡਾਨ ਨਿਊਜ਼ ਨੂੰ ਦੱਸਿਆ ਕਿ ਜਿਸ ਇਮਾਰਤ ਵਿੱਚ ਅੱਗ ਲੱਗੀ ਉਹ ਇੱਕ ਵੱਡੀ ਵਪਾਰਕ ਇਮਾਰਤ ਸੀ। ਇਮਾਰਤ ਦੇ ਅੰਦਰ ਸ਼ਾਪਿੰਗ ਸੈਂਟਰ, ਕਾਲ ਸੈਂਟਰ ਅਤੇ ਸਾਫਟਵੇਅਰ ਹਾਊਸ ਸਨ। ਅੱਗ ਬੁਝਾਊ ਅਤੇ ਬਚਾਅ ਵਿਭਾਗ ਦੇ ਬੁਲਾਰੇ ਨੇ ਇੱਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਸਵੇਰੇ 6:30 ਵਜੇ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ 8 ਫਾਇਰ ਟੈਂਡਰ, ਦੋ ਸਨੋਰਕਲ ਅਤੇ ਦੋ ਬਾਊਜ਼ਰ ਨੂੰ ਮੌਕੇ 'ਤੇ ਰਵਾਨਾ ਕੀਤਾ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ। ਸਿੰਧ ਦੇ ਇੰਸਪੈਕਟਰ ਜਨਰਲ (ਆਈਜੀ) ਰਿਫਤ ਮੁਖਤਾਰ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਇਮਾਰਤ ਦੇ ਅੰਦਰ ਫਸੇ ਲੋਕਾਂ ਨੂੰ ਬਚਾਉਣ ਲਈ ਨਿਰਦੇਸ਼ ਜਾਰੀ ਕੀਤੇ ਸਨ। ਉਨ੍ਹਾਂ ਸੜਕ ਨੂੰ ਸਾਫ਼ ਕਰਨ ਦੇ ਵੀ ਹੁਕਮ ਦਿੱਤੇ ਸਨ ਤਾਂ ਜੋ ਫਾਇਰ ਬ੍ਰਿਗੇਡ ਬਿਨਾਂ ਕਿਸੇ ਸਮੱਸਿਆ ਦੇ ਉੱਥੇ ਪਹੁੰਚ ਸਕੇ।


ਕਰਾਚੀ ਵਿੱਚ 90 ਫੀਸਦੀ ਇਮਾਰਤਾਂ ਵਿੱਚ ਸਹੂਲਤਾਂ ਨਹੀਂ


ਸਿੰਧ ਦੇ ਕਾਰਜਕਾਰੀ ਮੁੱਖ ਮੰਤਰੀ ਮਕਬੂਲ ਬਕਰ ਨੇ ਘਟਨਾ ਦਾ ਨੋਟਿਸ ਲਿਆ ਅਤੇ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਸ ਘਟਨਾ 'ਚ ਮਾਰੇ ਗਏ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਜਾਨ-ਮਾਲ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ।


ਇਸ ਹਫਤੇ ਦੇ ਸ਼ੁਰੂ ਵਿਚ ਸਰਕਾਰੀ ਇੰਜੀਨੀਅਰਾਂ ਨੇ ਸ਼ਹਿਰ ਦੀਆਂ ਇਮਾਰਤਾਂ ਦਾ ਮੁਆਇਨਾ ਕੀਤਾ ਸੀ, ਜਿਸ ਵਿਚ ਪਾਇਆ ਗਿਆ ਸੀ ਕਿ ਸ਼ਹਿਰ ਦੀਆਂ ਲਗਭਗ 90 ਫੀਸਦੀ ਇਮਾਰਤਾਂ ਵਿਚ ਅੱਗ ਤੋਂ ਬਚਣ ਲਈ ਕੋਈ ਸਹੂਲਤ ਨਹੀਂ ਹੈ।