ਇਸਲਾਮਾਬਾਦ: ਪਾਕਿਸਤਾਨ 'ਚ ਪ੍ਰਧਾਨ ਮੰਤਰੀ ਵਜੋਂ ਇਮਰਾਨ ਖਾਨ ਦੀ ਸਫਰ ਖਤਮ ਹੋ ਗਿਆ ਹੈ। ਇਮਰਾਨ ਖਾਨ ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਨ੍ਹਾਂ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਹਟਾਇਆ ਗਿਆ ਹੈ। ਇਮਰਾਨ ਦੇ ਜਾਣ ਨਾਲ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਸ਼ਾਹਬਾਜ਼ ਸ਼ਰੀਫ (Shehbaz Sharif) ਲਈ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਦੇ ਸੰਸਦ ਮੈਂਬਰ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (Nawaz Sharif) ਦੇ ਛੋਟੇ ਭਰਾ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਪਾਰਟੀ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਪਹਿਲਾਂ ਹੀ ਸ਼ਾਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਚੁੱਕੀ ਹੈ।



ਕੌਣ ਹੈ ਸ਼ਾਹਬਾਜ਼ ਸ਼ਰੀਫ਼, ਜਿਨਾਂ ਨੂੰ ਸਿਆਸਤ ਤੋਂ ਵੱਧ ਆਪਣੀ ਦੌਲਤ ਤੇ ਮਨੀ ਲਾਂਡਰਿੰਗ ਲਈ ਜਾਣਿਆ ਜਾਂਦਾ ਹੈ, ਸ਼ਾਹਬਾਜ਼ ਕੋਲ ਕਿੰਨੀ ਜਾਇਦਾਦ ਹੈ ਤੇ ਇਸ ਨਾਲ ਕੀ ਵਿਵਾਦ ਹੈ? ਇਨ੍ਹਾਂ ਸਵਾਲਾਂ ਦੇ ਜਵਾਬ 5 ਬਿੰਦੂਆਂ ਵਿੱਚ ਜਾਣੋ

 ਸ਼ਾਹਬਾਜ਼ ਪਾਕਿਸਤਾਨ ਮੁਸਲਿਮ ਲੀਗ-ਐਨ (Pakistan Muslim League-N)  ਦੇ ਨੇਤਾ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਹਨ। 2018 ਵਿੱਚ ਹੋਈਆਂ ਆਮ ਚੋਣਾਂ ਵਿੱਚ ਸ਼ਾਹਬਾਜ਼ ਆਪਣੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਉਮੀਦਵਾਰ ਸਨ, ਪਰ ਇਮਰਾਨ ਖਾਨ ਦੀ ਪਾਰਟੀ ਪੀਟੀਆਈ (PTI) ਨੇ ਜਿੱਤ ਹਾਸਲ ਕੀਤੀ ਸੀ। ਇਸੇ ਲਈ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਤੇ ਸ਼ਾਹਬਾਜ਼ ਸ਼ਰੀਫ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ। ਪਾਕਿਸਤਾਨ 'ਚ ਭ੍ਰਿਸ਼ਟਾਚਾਰ ਖਿਲਾਫ ਕੰਮ ਕਰਨ ਵਾਲੇ ਨੈਸ਼ਨਲ ਅਕਾਊਂਟੇਬਿਲੀਟੀ ਬਿਊਰੋ (NAB) ਨੇ ਉਨ੍ਹਾਂ ਨੂੰ ਲੈ ਕੇ ਕਈ ਖੁਲਾਸੇ ਕੀਤੇ ਜੋ ਹੈਰਾਨ ਕਰਨ ਵਾਲੇ ਹਨ।

 

ਨੈਸ਼ਨਲ ਅਕਾਊਂਟੇਬਿਲੀਟੀ ਬਿਊਰੋ ਮੁਤਾਬਕ ਪਿਛਲੇ 30 ਸਾਲਾਂ 'ਚ ਸ਼ਾਹਬਾਜ਼ ਤੇ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ 20 ਲੱਖ ਤੋਂ ਵਧ ਕੇ 700 ਕਰੋੜ ਰੁਪਏ ਹੋ ਗਈ ਹੈ। ਜਦੋਂ ਉਨ੍ਹਾਂ ਨੂੰ ਇੰਨੀ ਵੱਡੀ ਜਾਇਦਾਦ ਦੇ ਵੇਰਵੇ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਜਵਾਬ ਨਹੀਂ ਦੇ ਸਕੇ। ਇਸ ਕਾਰਨ ਸ਼ਾਹਬਾਜ਼ ਦੇ ਖਿਲਾਫ ਕਰੋੜਾਂ ਰੁਪਏ ਦੀ ਹੇਰਾਫੇਰੀ ਦਾ ਮਾਮਲਾ ਦਰਜ ਹੋਇਆ ਸੀ ਤੇ ਉਨ੍ਹਾਂ ਨੂੰ ਜੇਲ ਵੀ ਜਾਣਾ ਪਿਆ ਸੀ।
 
ਨੈਸ਼ਨਲ ਅਕਾਊਂਟੇਬਿਲੀਟੀ ਬਿਊਰੋ (NAB) ਨੇ ਸਤੰਬਰ 2020 ਵਿੱਚ ਸ਼ਾਹਬਾਜ਼ ਸ਼ਰੀਫ਼ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ 'ਚ ਉਨ੍ਹਾਂ ਦੀ ਪਾਰਟੀ ਨੇ ਇਮਰਾਨ ਖਾਨ ਦੀ ਸਰਕਾਰ 'ਤੇ ਦੋਸ਼ ਲਗਾਇਆ ਸੀ ਕਿ ਇਹ ਕਾਰਵਾਈ ਸਾਜ਼ਿਸ਼ ਰਚ ਕੇ ਕੀਤੀ ਗਈ। ਇਸ ਮਾਮਲੇ 'ਚ ਲਾਹੌਰ ਹਾਈਕੋਰਟ ਨੇ ਸ਼ਾਹਬਾਜ਼ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਤੇ ਉਨ੍ਹਾਂ ਨੂੰ ਅਦਾਲਤ 'ਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਅਪ੍ਰੈਲ 2021 ਵਿਚ ਜ਼ਮਾਨਤ ਮਿਲ ਗਈ ਸੀ, ਹਾਲਾਂਕਿ ਕੇਸ ਅਜੇ ਚੱਲ ਰਿਹਾ ਹੈ।
 

ਪਾਕਿਸਤਾਨੀ ਵੈੱਬਸਾਈਟ 'ਦ ਨਿਊਜ਼' ਦੀ ਰਿਪੋਰਟ ਮੁਤਾਬਕ ਲਾਹੌਰ ਹਾਈ ਕੋਰਟ ਦੇ ਕੋਰਟ ਰੂਮ ਤੋਂ ਗ੍ਰਿਫਤਾਰੀ ਤੋਂ ਬਾਅਦ NAB ਨੇ ਇਕ ਦਸਤਾਵੇਜ਼ ਸਾਂਝਾ ਕੀਤਾ ਸੀ ਜਿਸ ਵਿੱਚ ਉਨ੍ਹਾਂ ਦੀ ਜਾਇਦਾਦ ਦਾ ਜ਼ਿਕਰ ਕੀਤਾ ਗਿਆ ਸੀ। ਦਸਤਾਵੇਜ਼ ਮੁਤਾਬਕ 1990 'ਚ ਸ਼ਾਹਬਾਜ਼ ਨੇ 21 ਲੱਖ ਰੁਪਏ ਦੀ ਜਾਇਦਾਦ ਜਨਤਕ ਕੀਤੀ ਸੀ। ਇਸ ਦੇ ਨਾਲ ਹੀ 2018 'ਚ ਇਹ ਜਾਇਦਾਦ ਵਧ ਕੇ 732 ਕਰੋੜ ਹੋ ਗਈ ਸੀ।

ਸ਼ਾਹਬਾਜ਼ ਸ਼ਰੀਫ ਨੇ ਲਾਹੌਰ ਸਰਕਾਰੀ ਕਾਲਜ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਇੱਕ ਬਿਜਨੈਸਮੈਨ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਆਪਣੇ ਪਰਿਵਾਰਕ ਕਾਰੋਬਾਰ ਨੂੰ ਸੰਭਾਲ ਲਿਆ ਤੇ 1985 ਵਿੱਚ ਉਹ ਲਾਹੌਰ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਬਣੇ। ਹਾਲਾਂਕਿ, ਬਾਅਦ ਵਿੱਚ ਉਹ ਰਾਜਨੀਤੀ ਵਿੱਚ ਚਲੇ ਗਏ। 1987 ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਵਿੱਚ ਕਈ ਉਤਰਾਅ-ਚੜ੍ਹਾਅ ਦੇਖੇ ਹਨ।

ਉਹ 1988 ਤੋਂ 1990 ਤੱਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ, ਜਦਕਿ ਸ਼ਾਹਬਾਜ਼ 1990 ਤੋਂ 1993 ਤੱਕ ਨੈਸ਼ਨਲ ਅਸੈਂਬਲੀ ਦੇ ਮੈਂਬਰ ਵੀ ਰਹੇ। ਉਹ ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ 1997 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। ਹਾਲਾਂਕਿ, ਇੱਕ ਫੌਜੀ ਤਖਤਾਪਲਟ ਤੋਂ ਬਾਅਦ, ਉਨ੍ਹਾਂ ਨੂੰ ਦੇਸ਼ ਛੱਡਣਾ ਪਿਆ ਸੀ।