ਨਵੀਂ ਦਿੱਲੀ: ਅਮਰੀਕਾ ਦੌਰੇ 'ਤੇ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅੱਬਾਸੀ ਦੀ ਨਿਊਯਾਰਕ ਦੇ ਜਾਨ ਐਫ ਕੈਨੇਡੀ ਹਵਾਈ ਅੱਡੇ 'ਤੇ ਕੱਪੜੇ ਲੁਹਾ ਕੇ ਤਲਾਸ਼ੀ ਲਈ ਗਈ ਹੈ। ਅਮਰੀਕੀ ਸੁਰੱਖਿਆ ਅਧਿਕਾਰੀਆਂ ਦੀ ਇਸ ਕਾਰਵਾਈ ਦੀ ਪਾਕਿਸਤਾਨ ਵਿੱਚ ਜੰਮ ਕੇ ਆਲੋਚਨਾ ਹੋ ਰਹੀ ਹੈ।


ਹਾਲਾਂਕਿ, ਅਮਰੀਕਾ ਵਿੱਚ ਰੂਟੀਨ ਸੁਰੱਖਿਆ ਜਾਂਚ ਦੌਰਾਨ ਅਜਿਹੇ ਕਈ 'ਵੱਡੇ ਬੰਦਿਆਂ' ਦੀ ਤਲਾਸ਼ੀ ਲਈ ਜਾ ਚੁੱਕੀ ਹੈ। ਪਰ, ਅੱਬਾਸੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਏਅਰਪੋਰਟ 'ਤੇ ਅੱਬਾਸੀ ਦੀ ਕੱਪੜੇ ਉਤਰਵਾ ਕੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਉਹ ਆਪਣਾ ਸਮਾਨ ਲੈ ਕੇ ਜਾ ਰਹੇ ਹਨ।



ਪਾਕਿਸਤਾਨੀ ਮੀਡੀਆ ਨੇ ਇਸ ਨੂੰ ਦੇਸ਼ ਦਾ ਅਪਮਾਨ ਦੱਸਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅੱਬਾਸੀ ਆਪਣੀ ਬਿਮਾਰ ਭੈਣ ਨਾਲ ਮੁਲਾਕਾਤ ਕਰਨ ਲਈ ਪਿਛਲੇ ਹਫ਼ਤੇ ਅਮਰੀਕਾ ਗਏ ਸਨ। ਇਸ ਦੌਰਾਨ ਉਨ੍ਹਾਂ ਅਮਰੀਕੀ ਉਪ-ਰਾਸ਼ਟਰਪਤੀ ਮਾਈਕ ਪੇਂਸ ਨਾਲ ਵੀ ਮੁਲਾਕਾਤ ਕੀਤੀ ਸੀ। ਜਦੋਂ ਅੱਬਾਸੀ ਆਪਣਾ ਦੌਰਾ ਖ਼ਤਮ ਕਰ ਕੇ ਵਾਪਸ ਪਾਕਿਸਤਾਨ ਵਾਪਸ ਪਰਤ ਰਹੇ ਸਨ, ਤਾਂ ਉਨ੍ਹਾਂ ਦੀ ਤਲਾਸ਼ੀ ਲਈ ਗਈ।