ਲਾਹੌਰ: ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰੀ ਦੇ ਕੇਸ 'ਚ ਸਜ਼ਾ ਸੁਣਾਉਣ ਵਾਲੇ ਜੱਜ ਅਰਸ਼ਦ ਮਲਿਕ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਹਾਲ ਹੀ 'ਚ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਇੱਕ ਵੀਡੀਓ ਜਾਰੀ ਕੀਤੀ ਸੀ, ਜਿਸ 'ਚ ਮਲਿਕ ਨੇ ਕਥਿਤ ਤੌਰ 'ਤੇ ਬਲੈਕਮੇਲਿੰਗ ਦੇ ਡਰੋਂ ਨਵਾਜ਼ ਸ਼ਰੀਫ਼ ਨੂੰ ਸਜ਼ਾ ਸੁਣਾਉਣ ਦੀ ਗੱਲ ਕਬੂਲੀ ਸੀ।

ਹਾਲਾਂਕਿ ਜੱਜ ਅਰਸ਼ਿਦ ਮਲਿਕ ਨੇ ਵੀਡੀਓ ਨੂੰ ਫ਼ਰਜ਼ੀ ਦੱਸਿਆ ਸੀ। ਪਰ ਇਸ ਵੀਡੀਓ ਕਾਰਨ ਜਵਾਬਦੇਹੀ ਅਦਾਲਤ ਦੇ ਜੱਜ ਦੀ ਨਿਰਪੱਖਤਾ 'ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸਨ। ਇਸ ਵਿਵਾਦ ਦੇ ਚੱਲਦਿਆਂ ਇਸਲਾਮਾਬਾਦ ਹਾਈ ਕੋਰਟ ਨੇ ਕਾਨੂੰਨ ਮੰਤਰਾਲੇ ਨੂੰ ਮਲਿਕ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ।

ਮਲਿਕ ਦੀ ਬਰਖ਼ਾਸਤੀ ਤੋਂ ਬਾਅਦ ਨਵਾਜ਼ ਸ਼ਰੀਫ਼ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਬੁਲਾਰੇ ਨੇ ਮੰਗ ਕੀਤੀ ਹੈ ਕਿ ਨਵਾਜ਼ ਨੂੰ ਸੁਣਾਈ ਗਈ ਸਜ਼ਾ ਰੱਦ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਅਰਸ਼ਦ ਮਲਿਕ ਨੇ ਨਵਾਜ਼ ਸ਼ਰੀਫ਼ ਨੂੰ ਅਲ ਅਜੀਜ਼ੀਆ ਸਟੀਲ ਮਿਲ ਭ੍ਰਿਸ਼ਟਾਚਾਰ ਮਾਮਲੇ 'ਚ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਸੇ ਮਾਮਲੇ ਤਹਿਤ ਨਵਾਜ਼ ਸ਼ਰੀਫ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਕੈਦ ਹਨ।