Pakistan Election Result 2024: ਪਾਕਿਸਤਾਨ ਤਹਿਰੀਕ-ਏ-ਇਨਸਾਫ਼(PTI) ਦੇ ਚੇਅਰਮੈਨ ਗੌਹਰ ਅਲੀ ਖ਼ਾਨ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਆਰਿਫ ਅਲਵੀ ਉਨ੍ਹਾਂ ਦੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣਗੇ, ਕਿਉਂਕਿ ਜੀਓ ਨਿਊਜ਼ ਦੇ ਮੁਤਾਬਕ, ਨੈਸ਼ਨਲ ਅਸੈਂਬਲੀ ਚੋਣਾਂ ਵਿੱਚ ਪੀਟੀਆਈ ਨੇ ਬਹੁਮਤ ਹਾਸਲ ਕਰ ਲਿਆ ਹੈ।


ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਤੇ ਵਧਾਂਗੇ ਵੀ....


ਗੌਹਰ ਅਲੀ ਖ਼ਾਨ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕਿਹਾ, ਸਾਡਾ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ, ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਅਸੀਂ ਅੱਗੇ ਵਧਾਂਗੇ, ਸੰਵਿਧਾਨ ਤੇ ਕਾਨੂੰਨ ਦੇ ਮੁਤਾਬਕ ਹੀ ਸਰਕਾਰ ਬਣਾਵਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਫਾਰਮ 45 ਮਿਲ ਗਏ ਹਨ। ਇਸ ਦੇ ਨਾਲ ਹੀ ਸਰਕਾਰ ਬਣਨੀ ਚਾਹੀਦੀ ਹੈ। ਜਨਤਾ ਦੀ ਆਵਾਜ਼ ਦੱਬਣ ਵਾਲਿਆਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ।


ਆਜ਼ਾਦ ਉਮੀਦਵਾਰ ਰਹਿਣਗੇ ਪਾਰਟੀ ਪ੍ਰਤੀ ਵਫ਼ਾਦਾਰ


ਇੱਕ ਰਿਪੋਰਟ ਦੇ ਮੁਤਾਬਕ, ਗੌਹਰ ਨੇ ਕਿਹਾ ਕਿ ਉਹ ਆਜ਼ਾਦ ਉਮੀਦਵਾਰਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਉਹ ਆਪਣਾ ਆਜ਼ਾਦ ਪ੍ਰਸ਼ਾਸਨ ਬਣਾਉਣਗੇ ਤੇ ਪਾਰਟੀ ਦੇ ਪ੍ਰਤੀ ਵਫ਼ਾਦਾਰ ਰਹਿਣਗੇ। ਇਸ ਦੌਰਾਨ ਗੌਹਰ ਖ਼ਾਨ ਨੇ ਕਿਹਾ ਕਿ ਚੋਣ ਪ੍ਰਕਿਰਿਆ ਪੂਰੀ ਹੋਣ ਦੇ 15 ਦਿਨਾਂ  ਅੰਦਰ ਪਾਰਟੀ ਅੰਦਰੂਨੀ ਪਾਰਟੀ ਚੋਣ ਵੱਲ ਵਧੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਮਰਾਨ ਖ਼ਾਨ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਤੇ ਕਿਹਾ ਕਿ ਖ਼ਾਨ ਉੱਤੇ ਲੱਗੇ ਸਾਰੇ ਇਲਜ਼ਾਮ ਝੂਠੇ ਹਨ।


ਕਿਸ ਪਾਰਟੀ ਨਾਲ ਮਿਲ ਕੇ ਬਣਾਈ ਜਾਵੇਗੀ ਸਰਕਾਰ ?


ਗੌਹਰ ਅਲੀ ਨੇ ਕਿਹਾ ਕਿ ਸਰਕਾਰ ਬਣਾਉਣ ਲਈ ਉਨ੍ਹਾਂ ਨੂੰ ਹੋਰ ਕਿਸ ਪਾਰਟੀ ਦਾ ਸਹਾਰਾ ਲੈਣਾ ਪੈ ਸਕਦਾ ਹੈ ਇਸ ਦਾ ਫ਼ੈਸਲਾ ਛੇਤੀ ਹੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੀਟੀਆਈ ਵਰਕਰ ਉਨ੍ਹਾਂ ਇਲਾਕਿਆਂ ਵਿੱਚ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਗੇ ਜਿੱਥੇ ਚੋਣ ਨਤੀਜੇ ਰੋਕ ਗਏ ਹਨ।


ਕਿਹੜੀ ਪਾਰਟੀਆਂ ਨੂੰ ਮਿਲੀਆਂ ਕਿੰਨੀਆਂ ਸੀਟਾਂ ?


ਜ਼ਿਕਰ ਕਰ ਦਈਏ ਕਿ ਪਾਕਿਸਤਾਨ ਦੇ ਚੋਣ ਨਤੀਜਿਆਂ ਵਿੱਚ ਦੇਰੀ ਹੋਣ ਕਾਰਨ ਪੀਟੀਆਈ ਵੱਲੋਂ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਪਾਕਿਸਤਾਨ ਦੀਆਂ ਕੁੱਲ 265 ਅਸੈਂਬਲੀ ਸੀਟਾਂ ਵਿੱਚੋਂ 257 ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ 100 ਉੱਤੇ ਆਜ਼ਾਦ ਉਮੀਦਵਾਰਾਂ ਦੀ ਜਿੱਤ ਹੋਈ ਹੈ। ਉੱਥੇ ਹੀ PML-N ਨੂੰ 73 ਤੇ ਪੀਪੀਪੀ ਨੂੰ 54 ਸੀਟਾਂ ਮਿਲੀਆਂ ਹਨ।