Punjabi youth murder in Canada: ਕੈਨੇਡਾ ਤੋਂ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਕੈਨੇਡਾ ਦੇ ਸ਼ਹਿਰ ਸਰੀ ਨਾਲ ਲੱਗਦੇ ਵਾਈਟ ਰੌਕ ਦੇ ਸਮੁੰਦਰੀ ਕੰਢੇ ਘੁੰਮਣ ਗਏ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ (28) ਦੀ ਅਫਰੀਕਨ ਮੂਲ ਦੇ ਵਿਅਕਤੀ ਨੇ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ। ਨੌਜਵਾਨ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਇਆ ਸੀ ਤੇ ਪਲੰਬਰ ਵਜੋਂ ਕੰਮ ਕੰਮ ਕਰਦਾ ਸੀ। ਕੁਲਵਿੰਦਰ ਸਿੰਘ ਪੰਜਾਬ ਦੇ ਕਸਬੇ ਅਮਰਗੜ੍ਹ ਨੇੜਲੇ ਪਿੰਡ ਤੋਲੇਵਾਲ ਦਾ ਰਹਿਣ ਵਾਲਾ ਸੀ।
ਪੰਜਾਬੀ ਨੌਜਵਾਨ ਦੀ ਇਸ ਹੱਤਿਆ ਨੂੰ ਪੁਲਿਸ ਦੀ ਨਾਕਾਮੀ ਮੰਨਿਆ ਜਾ ਰਿਹਾ ਹੈ ਕਿਉਂਕਿ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਉਸੇ ਜਗ੍ਹਾ ਆਪਣੀ ਪਤਨੀ ਮਨਪ੍ਰੀਤ ਕੌਰ ਨਾਲ ਘੁੰਮਣ ਗਏ ਜਤਿੰਦਰ ਸਿੰਘ (28) ਦੀ ਧੌਣ ’ਤੇ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ। ਜਤਿੰਦਰ ਸਿੰਘ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਜ਼ੇਰੇ ਇਲਾਜ ਹੈ।
ਲੋਕਾਂ ਵਿੱਚ ਰੋਸ ਹੈ ਕਿ ਜੇਕਰ ਪੁਲਿਸ ਨੇ ਘਟਨਾ ਮਗਰੋਂ ਉਸ ਥਾਂ ’ਤੇ ਸੁਰੱਖਿਆ ਵਧਾਈ ਹੁੰਦੀ ਤਾਂ ਇਹ ਦੂਜੀ ਘਟਨਾ ਨਾ ਵਾਪਰਦੀ। ਲੋਕਾਂ ਦਾ ਮੰਨਣਾ ਹੈ ਕਿ ਸਰੀ ਵਿੱਚ ਤਾਇਨਾਤ ਕੇਂਦਰੀ ਪੁਲਿਸ ਹੁਣ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਦਰਅਸਲ ਕੁਲਵਿੰਦਰ ਦਾ ਕਤਲ ਕਰਨ ਵਾਲੇ ਵਿਅਕਤੀ ਦਾ ਹੁਲੀਆ ਵੀ ਜਤਿੰਦਰ ਉਪਰ ਹਮਲਾ ਕਰਨ ਵਾਲੇ ਵਿਅਕਤੀ ਨਾਲ ਮਿਲਦਾ-ਜੁਲਦਾ ਹੈ।
ਹਾਲਾਂਕਿ ਸੂਬਾਈ ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਕੇਂਦਰੀ ਪੁਲਿਸ ਦੇ ਸੂਬਾਈ ਸਹਾਇਕ ਕਮਿਸ਼ਨਰ ਡਵੇਨ ਮੈਕਡੌਨਲਡ ਤੇ ਸਰੀ ਪੁਲੀਸ ਦੇ ਮੁਖੀ ਨੌਰਮ ਲਪਿੰਸਕੀ ਦੀ ਮੌਜੂਦਗੀ ਵਿੱਚ ਸਰਕਾਰੀ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ 29 ਨਵੰਬਰ ਨੂੰ ਸ਼ਹਿਰ ਦੀ ਕਮਾਂਡ ਸਰੀ ਪੁਲਿਸ ਦੇ ਹੱਥ ਆਵੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਪੁਲਿਸ ਬਲ ਦੀ ਰਵਾਨਗੀ ਤੋਂ ਪਹਿਲਾਂ ਭਰਤੀ ਕੀਤੀ ਸਥਾਨਕ ਪੁਲਿਸ ਹਾਲਾਤ ਨਾਲ ਸਿੱਝਣ ਦੀ ਜ਼ਿੰਮੇਵਾਰੀ ਸੰਭਾਲਣ ਦੇ ਸਮਰੱਥ ਹੋ ਜਾਵੇਗੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।