ਅਫ਼ਗਾਨਿਸਤਾਨ 'ਚ ਤਾਲੀਬਾਨ ਦੀ ਦਹਿਸ਼ਤ ਦੌਰਾਨ ਰੂਸ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਐਮਰਜੈਂਸੀ ਮੀਟਿੰਗ ਯੋਜਨਾਬੱਧ ਹੈ।
ਉਧਰ ਅਫ਼ਗਾਨਿਸਤਾਨ 'ਚ ਤਾਲੀਬਾਨ ਦੀ ਦਹਿਸ਼ਤ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ।ਤਾਲੀਬਾਨ ਦੇ ਰਾਜਧਾਨੀ ਕਾਬੁਲ 'ਚ ਪੈਰ ਰੱਖਦਿਆਂ ਹੀ ਅਫ਼ਗਾਨ ਸਰਕਾਰ ਨੇ ਗੋੜੇ ਟੇਕ ਦਿੱਤੇ ਹਨ ਅਤੇ ਸ਼ਾਂਤੀਪੂਰਨ ਢੰਗ ਨਾਲ ਸੱਤਾ ਤਾਲੀਬਾਨ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਹੈ।
ਤਾਲਿਬਾਨ ਲੜਾਕਿਆਂ ਨੇ ਸੋਮਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦਾਖਲ ਹੋਣਾ ਸ਼ੁਰੂ ਕਰ ਦਿੱਤਾ ਸੀ। ਕਾਬੁਲ ਦੇ ਬਾਹਰ ਵੱਡੀ ਗਿਣਤੀ ਵਿੱਚ ਤਾਲਿਬਾਨ ਲੜਾਕੂ ਮੌਜੂਦ ਹਨ ਅਤੇ ਕਾਬੁਲ ਦੇ ਅਸਮਾਨ ਵਿੱਚ ਧੂੰਆਂ ਅਤੇ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਇੱਥੇ, ਫੌਜ ਦੇ ਹੈਲੀਕਾਪਟਰ ਕਾਬੁਲ ਦੇ ਆਕਾਸ਼ ਵਿੱਚ ਘੁੰਮ ਰਹੇ ਹਨ। ਕਾਬੁਲ ਜਾਣ ਵਾਲੇ ਰਸਤਿਆਂ 'ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ।
ਇੱਥੇ ਅਫਗਾਨਿਸਤਾਨ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਕਾਬੁਲ 'ਤੇ ਹਮਲਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸੱਤਾ ਦਾ ਤਬਾਦਲਾ ਸ਼ਾਂਤੀਪੂਰਵਕ ਢੰਗ ਨਾਲ ਕੀਤਾ ਜਾਵੇਗਾ। ਜਦੋਂ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਕਾਬੁਲ ਵਿੱਚ ਸਥਿਤੀ ਕੰਟਰੋਲ ਵਿੱਚ ਹੈ ਅਤੇ ਡਰਨ ਦੀ ਕੋਈ ਲੋੜ ਨਹੀਂ ਹੈ। ਇੱਥੇ, ਸਰਕਾਰੀ ਕਰਮਚਾਰੀਆਂ ਨੂੰ ਦਫਤਰਾਂ ਤੋਂ ਘਰ ਭੇਜ ਦਿੱਤਾ ਗਿਆ ਹੈ।
ਦੂਜੇ ਪਾਸੇ ਤਾਲਿਬਾਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਗੱਲਬਾਤ ਰਾਹੀਂ ਸ਼ਾਂਤੀ ਨਾਲ ਕਾਬੁਲ ਵਿੱਚ ਦਾਖਲ ਹੋਣਗੇ। ਜ਼ਬਰਦਸਤੀ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਤਾਲਿਬਾਨ ਨੇ ਅੱਗੇ ਕਿਹਾ ਕਿ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ, ਅਸੀਂ ਕਿਸੇ ਤੋਂ ਬਦਲਾ ਨਹੀਂ ਲੈਣਾ ਚਾਹੁੰਦੇ।
ਇਸ ਦੇ ਨਾਲ ਹੀ, ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਲੜਾਕਿਆਂ ਨੂੰ ਫਿਲਹਾਲ ਸ਼ਹਿਰ ਦੇ ਦਰਵਾਜ਼ਿਆਂ 'ਤੇ ਖੜ੍ਹੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਦੇਸ਼ ਤੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਵਾਪਸੀ ਨਾਲ ਤਾਲਿਬਾਨ ਦੀ ਗਤੀ ਤੇਜ਼ ਹੋ ਗਈ ਸੀ ਅਤੇ ਹੁਣ ਰਾਜਧਾਨੀ ਉਨ੍ਹਾਂ ਦੇ ਚੁੰਗਲ ਵਿੱਚ ਫਸ ਗਈ ਹੈ।
ਇਸ ਦੌਰਾਨ ਕਾਬੁਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਫਗਾਨ ਸਰਕਾਰ ਦੀ ਹੈ। ਦੂਜੇ ਪਾਸੇ, ਬਲੂਮਬਰਗ ਦੀ ਰਿਪੋਰਟ ਨੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦਫਤਰ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਕਾਬੁਲ ਦਾ ਰਾਸ਼ਟਰੀ ਸੁਰੱਖਿਆ ਬਲ ਦੁਆਰਾ ਨਿਯੰਤਰਣ ਹੈ ਅਤੇ ਲੋਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।