ਮਾਨਸਾ : ਰੂਸ ਅਤੇ ਯੂਕਰੇਨ ਵਿੱਚ ਚੱਲ ਰਹੇ ਯੁੱਧ ਦੇ ਕਾਰਨ ਯੂਕਰੇਨ ਵਿਚ ਪੜ੍ਹਾਈ ਕਰਨ ਦੇ ਲਈ ਗਏ ਵਿਦਿਆਰਥੀਆਂ ਦੇ ਜਿੱਥੇ ਮਾਪੇ ਚਿੰਤਤ ਹਨ, ਉਥੇ ਵਿਦਿਆਰਥੀ ਵੀ ਭਾਰਤ ਆਉਣ ਦੇ ਲਈ ਭਾਰਤ ਸਰਕਾਰ ਨੂੰ ਅਪੀਲਾਂ ਕਰ ਰਹੇ ਹਨ। ਉਥੇ ਯੂਕਰੇਨ ਵਿੱਚੋਂ ਪਰਤੇ ਮਾਨਸਾ ਦੇ ਮੁਕੇਸ਼ ਨੇ ਭਾਰਤ ਸਰਕਾਰ ਦੀ ਅੰਬੈਸੀ 'ਤੇ ਵੀ ਸਵਾਲ ਚੁੱਕੇ ਹਨ ਕਿਹਾ ਹੈ ਕਿ ਅੰਬੈਸੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਵਿਦਿਆਰਥੀਆਂ ਨੂੰ ਮਦਦ ਨਹੀਂ ਦਿੱਤੀ ਜਾ ਰਹੀ ,ਜਿਸ ਕਾਰਨ ਉਹ ਖੁਦ ਹੰਭਲਾ ਮਾਰ ਕੇ ਮਾਨਸਾ ਪਹੁੰਚੇ ਹਨ।
 

ਇਨ੍ਹੀਂ ਦਿਨੀਂ ਰੂਸ ਅਤੇ ਯੂਕਰੇਨ ਦੇ ਵਿਚਕਾਰ ਯੁੱਧ ਜਾਰੀ ਹੈ ਅਤੇ ਯੂਕਰੇਨ ਦੇ ਖਾਰਕੀਵ ਦੇ ਵਿਚ ਅਤੇ ਹੋਰ ਸ਼ਹਿਰਾਂ ਦੇ ਵਿਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਦੇ ਲਈ ਗਏ ਭਾਰਤ ਦੇ ਵਿਦਿਆਰਥੀ ਭਾਰਤ ਆਉਣ ਦੇ ਲਈ ਜੱਦੋ ਜਹਿਦ ਕਰ ਰਹੇ ਹਨ। ਇਧਰ ਉਨ੍ਹਾਂ ਵਿਦਿਆਰਥੀਆਂ ਦੇ ਮਾਪੇ ਵੀ ਯੁੱਧ ਦੇ ਕਾਰਨ ਚਿੰਤਤ ਹਨ ਪਰ ਭਾਰਤ ਸਰਕਾਰ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਸਹੀ ਸਲਾਮਤ ਲਿਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਮਾਨਸਾ ਪਹੁੰਚੇ ਯੂਕਰੇਨ ਤੋਂ ਵਿਦਿਆਰਥੀ ਮੁਕੇਸ਼ ਨੇ ਪੋਲ ਖੋਲ੍ਹ ਦਿੱਤੀ ਹੈ। 

 

ਮੁਕੇਸ਼ ਦਾ ਕਹਿਣਾ ਹੈ ਕਿ ਉਹ ਖੁਦ ਜੱਦੋ ਜਹਿਦ ਕਰਕੇ ਯੂਕਰੇਨ ਤੋਂ ਭਾਰਤ ਪਹੁੰਚਿਆ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਅੰਬੈਸੀ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੋਂ ਤੱਕ ਕਿ ਵਿਦਿਆਰਥੀਆਂ ਦੇ ਨਾਲ ਬਾਰਡਰਾਂ ਤੇ ਮਾਰ ਕੁੱਟ ਵੀ ਹੁੰਦੀ ਹੈ ,ਜੋ ਕਿ ਅੰਬੈਸੀ ਦੇ ਅਧਿਕਾਰੀ ਨਾ ਹੋਣ ਕਾਰਨ ਅਜਿਹਾ ਹੋ ਰਿਹਾ ਹੈ। ਉਨ੍ਹਾਂ ਕਿਹਾ ਭਾਰਤ ਸਰਕਾਰ ਝੂਠਾ ਪ੍ਰਚਾਰ ਛੱਡ ਕੇ ਹਕੀਕਤ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਲਿਆਉਣ ਦੇ ਲਈ ਤੁਰੰਤ ਸਖ਼ਤ ਕਦਮ ਚੁੱਕੇ।

 

ਯੂਕਰੇਨ ਤੋਂ ਵਾਪਿਸ ਮਾਨਸਾ ਪਹੁੰਚੇ ਵਿਦਿਆਰਥੀ ਦੇ ਪਿਤਾ ਵਿਜੇ ਕੁਮਾਰ ਨੇ ਸਥਾਨਕ ਪ੍ਰਸ਼ਾਸਨ 'ਤੇ ਸਵਾਲ ਉਠਾਏ ਹਨ ਅਤੇ ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਮਿਲੇ ਹਨ ਪਰ ਪ੍ਰਸ਼ਾਸਨ ਵੱਲੋਂ ਵੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਦਿੱਤੀ ਗਈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਲਿਆਉਣ ਦੇ ਲਈ ਪ੍ਰਸ਼ਾਸਨ ਵੀ ਕੋਈ ਪਹਿਲ ਨਹੀਂ ਕਰ ਰਿਹਾ।