ਕੀਵ: ਯੂਕਰੇਨ 'ਤੇ ਰੂਸੀ ਹਮਲਾ (Ukraine-Russia War) ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਰੂਸੀ ਫੌਜ ਨੇ ਸ਼ੁੱਕਰਵਾਰ ਸਵੇਰੇ ਦੱਖਣੀ ਯੂਕਰੇਨ 'ਚ ਇਕ ਫੌਜੀ ਬੈਰਕ 'ਤੇ ਅਚਾਨਕ ਹਮਲਾ ਕਰ ਦਿੱਤਾ। ਜਿਸ 'ਚ ਦਰਜਨਾਂ ਫੌਜੀਆਂ ਦੇ ਮਾਰੇ ਜਾਣ ਦੀ ਖਬਰ ਹੈ। ਯੂਕਰੇਨ ਦੇ ਇਕ ਫੌਜੀ ਨੇ ਦੱਸਿਆ ਕਿ ਰੂਸੀ ਫੌਜ ਨੇ ਸ਼ੁੱਕਰਵਾਰ ਤੜਕੇ ਉਸ ਸਮੇਂ ਧਾਵਾ ਬੋਲ ਦਿੱਤਾ। ਜਦੋਂ ਫੌਜੀ ਕੈਂਪ 'ਚ ਕਰੀਬ 200 ਫੌਜੀ ਸੌਂ ਰਹੇ ਸਨ।



ਯੂਕਰੇਨ ਦੀ ਫੌਜ ਦੇ ਇਕ ਸਿਪਾਹੀ ਦਾ ਕਹਿਣਾ ਹੈ ਕਿ ਘੱਟੋ-ਘੱਟ 50 ਲਾਸ਼ਾਂ ਨੂੰ ਕੱਢਿਆ ਗਿਆ ਹੈ। ਇਹ ਹਮਲਾ ਦੱਖਣੀ ਯੂਕਰੇਨ ਦੇ ਮਾਈਕੋਲੀਵ ਸ਼ਹਿਰ ਵਿੱਚ ਹੋਇਆ। ਬਚਾਅ ਮੁਹਿੰਮ ਦੌਰਾਨ ਚਸ਼ਮਦੀਦਾਂ ਨੇ ਘਟਨਾ ਸਬੰਧੀ ਜਾਣਕਾਰੀ ਦਿੱਤੀ। ਉਸ ਦਾ ਕਹਿਣਾ ਹੈ ਕਿ ਉਥੇ ਮਲਬੇ ਹੇਠ ਹੋਰ ਕਿੰਨੇ ਸੈਨਿਕ ਦੱਬੇ ਹੋਏ ਹਨ।

ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਕ ਹੋਰ ਫੌਜੀ ਨੇ ਦੱਸਿਆ ਕਿ ਇਸ ਬੰਬਾਰੀ ਵਿਚ ਘੱਟੋ-ਘੱਟ 100 ਫੌਜੀ ਮਾਰੇ ਗਏ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਕੇਟ ਦੇ ਲਗਾਤਾਰ ਹਮਲੇ 'ਚ ਇਹ ਫੌਜੀ ਛਾਉਣੀ ਪੂਰੀ ਤਰ੍ਹਾਂ ਤਬਾਹ ਹੋ ਗਈ।

ਖੇਤਰੀ ਪ੍ਰਸ਼ਾਸਨ ਦੇ ਮੁਖੀ ਵਿਟਾਲੀ ਕਿਮ ਨੇ ਕਿਹਾ ਕਿ ਦੁਸ਼ਮਣਾਂ ਨੇ ਸਾਡੇ ਸੁੱਤੇ ਹੋਏ ਸੈਨਿਕਾਂ 'ਤੇ ਕਾਇਰਤਾਪੂਰਵਕ ਹਮਲਾ ਕੀਤਾ। ਇਸ ਇਲਾਕੇ 'ਚ ਬਚਾਅ ਕਾਰਜ ਜਾਰੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਹਮਲੇ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਜਾਨੀ ਤੇ ਮਾਲੀ ਨੁਕਸਾਨ ਬਾਰੇ ਜਲਦੀ ਹੀ ਅਧਿਕਾਰਤ ਜਾਣਕਾਰੀ ਹਾਸਲ ਕਰਨ ਦਾ ਭਰੋਸਾ ਦਿੱਤਾ।

ਏਐਫਪੀ ਦੇ ਇੱਕ ਰਿਪੋਰਟਰ ਨੇ ਬਚਾਅ ਕਰਮਚਾਰੀਆਂ ਨੂੰ ਮਲਬੇ ਵਿੱਚੋਂ ਕੁਝ ਲਾਸ਼ਾਂ ਨੂੰ ਕੱਢਦੇ ਦੇਖਿਆ। ਉਥੋਂ ਇਕ ਜਿੰਦਾ ਵਿਅਕਤੀ ਨੂੰ ਵੀ ਬਾਹਰ ਕੱਢਿਆ ਗਿਆ। ਉੱਥੋਂ ਭੱਜਣ ਵਾਲੇ ਸਿਪਾਹੀ ਨੇ ਕਿਹਾ ਕਿ ਅਸੀਂ ਗਿਣਤੀ ਕਰ ਰਹੇ ਹਾਂ, ਪਰ ਇਹ ਦੱਸਣਾ ਮੁਸ਼ਕਲ ਹੈ ਕਿ ਹੁਣ ਤੱਕ ਇੱਥੇ ਕਿੰਨੀਆਂ ਲਾਸ਼ਾਂ ਮਿਲੀਆਂ ਹਨ।

ਮਾਈਕੋਲੀਵ ਸ਼ਹਿਰ ਦੇ ਮੇਅਰ ਓਲੇਕਸੈਂਡਰ ਸਾਂਕੇਵਿਚ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਯੁੱਧ ਤੋਂ ਪਹਿਲਾਂ ਸ਼ਹਿਰ ਦੀ ਆਬਾਦੀ ਅੱਧਾ ਮਿਲੀਅਨ ਸੀ। ਪਰ ਖੇਰਸਨ 'ਤੇ ਰੂਸ ਦੇ ਕੰਟਰੋਲ ਤੋਂ ਬਾਅਦ ਇੱਥੇ ਵੀ ਹਮਲੇ ਤੇਜ਼ ਹੋ ਗਏ ਹਨ। ਰੂਸੀ ਫੌਜ ਰਣਨੀਤਕ ਤੌਰ 'ਤੇ ਮਹੱਤਵਪੂਰਨ ਓਡੇਸਾ ਤੋਂ 130 ਕਿਲੋਮੀਟਰ ਦੂਰ ਮਾਈਕੋਲੀਵ 'ਤੇ ਕਈ ਦਿਨਾਂ ਤੋਂ ਲਗਾਤਾਰ ਹਮਲਾ ਕਰ ਰਹੀ ਹੈ।