Russia Ukraine War: ਰੂਸ ਤੇ ਯੂਕਰੇਨ ਵਿਚਾਲੇ ਪਿਛਲੇ ਹਫਤੇ ਤੋਂ ਚੱਲ ਰਹੀ ਜੰਗ ਦੌਰਾਨ ਵੱਡੀ ਗਿਣਤੀ 'ਚ ਯੂਕਰੇਨ ਦੇ ਨਾਗਰਿਕ ਗੁਆਂਢੀ ਮੁਲਕਾਂ 'ਚ ਪਨਾਹ ਲੈ ਚੁੱਕੇ ਹਨ। ਇਸ ਦੌਰਾਨ ਕੁਝ ਲੋਕ ਦੇਸ਼ 'ਚ ਰਹਿ ਕੇ ਫ਼ੌਜ 'ਚ ਭਰਤੀ ਹੋ ਕੇ ਰੂਸੀ ਫ਼ੌਜ ਨੂੰ ਟੱਕਰ ਲੈਂਦੇ ਵੀ ਵੇਖੇ ਜਾ ਰਹੇ ਹਨ। ਇਸ ਸਭ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਹੀਰੋ ਬਣ ਕੇ ਉੱਭਰੇ ਹਨ। ਇਸ ਤੋਂ ਬਾਅਦ ਉਨ੍ਹਾਂ ਨਾਲ ਜੁੜੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਸਾਲ 2019 'ਚ ਯੂਕਰੇਨ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਵੋਲੋਦੀਮੀਰ ਜ਼ੇਲੇਂਸਕੀ ਇੱਕ ਐਕਟਰ ਤੇ ਕਾਮੇਡੀਅਨ ਦਾ ਕਿਰਦਾਰ ਨਿਭਾਉਂਦੇ ਸਨ। ਜਿਨ੍ਹਾਂ ਨੇ ਕਈ ਟੀਵੀ ਸ਼ੋਅ ਤੇ ਫ਼ਿਲਮਾਂ 'ਚ ਕੰਮ ਕੀਤਾ ਸੀ। ਹਾਲ ਹੀ 'ਚ ਉਨ੍ਹਾਂ ਦਾ ਇਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ ਸੀ, ਜਿਸ 'ਚ ਉਹ 2006 'ਚ ਯੂਕਰੇਨ ਦੇ 'ਡਾਂਸਿੰਗ ਵਿਦ ਦੀ ਸਟਾਰਸ' ਸ਼ੋਅ ਦੌਰਾਨ ਡਾਂਸ ਕਰਦੇ ਨਜ਼ਰ ਆਏ ਸਨ।

ਫਿਲਹਾਲ, ਹੁਣ ਉਨ੍ਹਾਂ ਨਾਲ ਜੁੜਿਆ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਵੋਲੋਦੀਮੀਰ ਜ਼ੇਲੇਂਸਕੀ ਨੇ ਬੱਚਿਆਂ ਦੀ ਫ਼ਿਲਮ ਦੇ ਯੂਕਰੇਨੀਅਨ-ਡਬ ਵਰਜ਼ਨ 'ਚ ਪੈਡਿੰਗਟਨ ਬੀਅਰ ਨੂੰ ਆਪਣੀ ਆਵਾਜ਼ ਦਿੱਤੀ ਹੈ। ਇੱਕ ਰਿਪੋਰਟ ਅਨੁਸਾਰ ਸਟੂਡੀਓਕੈਨਲ ਦੇ ਇੱਕ ਬੁਲਾਰੇ, ਜਿਸ ਨੇ ਪੈਡਿੰਗਟਨ ਦਾ ਨਿਰਮਾਣ ਕੀਤਾ ਸੀ, ਉਨ੍ਹਾਂ ਪੁਸ਼ਟੀ ਕੀਤੀ ਕਿ ਜ਼ੇਲੇਂਸਕੀ ਨੇ ਪੈਡਿੰਗਟਨ (2014) ਤੇ ਪੈਡਿੰਗਟਨ-2 (2017) 'ਚ ਪ੍ਰਸਿੱਧ ਐਨੀਮੇਟਡ ਕਿਰਦਾਰ ਨੂੰ ਆਵਾਜ਼ ਦਿੱਤੀ ਸੀ।

ਮੌਜੂਦਾ ਸਮੇਂ 'ਚ ਯੂਕਰੇਨ (Ukraine) ਨੇ ਹਮਲੇ ਦੇ ਪੰਜਵੇਂ ਦਿਨ ਰੂਸੀ ਵਾਰਤਾਕਾਰਾਂ ਨਾਲ ਗੱਲਬਾਤ ਲਈ ਆਪਣਾ ਵਫ਼ਦ ਬੇਲਾਰੂਸ ਭੇਜਿਆ, ਜਿੱਥੇ ਉਨ੍ਹਾਂ ਨੇ ਤੁਰੰਤ ਰੂਸੀ ਜੰਗਬੰਦੀ (ceasefire) ਅਤੇ ਫ਼ੌਜਾਂ ਦੀ ਵਾਪਸੀ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਵੀ ਰੂਸ ਵੱਲੋਂ ਲਗਾਤਾਰ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀ ਯੂਰਪੀਅਨ ਯੂਨੀਅਨ (European Union) ਨੂੰ ਇੱਕ ਵਿਸ਼ੇਸ਼ ਪ੍ਰਕਿਰਿਆ ਰਾਹੀਂ "ਤੁਰੰਤ" ਯੂਕਰੇਨ ਦੀ ਮੈਂਬਰਸ਼ਿਪ ਦੇਣ ਦੀ ਅਪੀਲ ਕੀਤੀ।


 ਇਹ ਵੀ ਪੜ੍ਹੋ: ਵਿਸ਼ਵ ਦੀਆਂ 5 ਸਭ ਤੋਂ ਸ਼ਕਤੀਸ਼ਾਲੀ ਫੌਜਾਂ, ਜਾਣੋ ਭਾਰਤ ਕਿੱਥੇ ਖੜ੍ਹਾ?