ਮਹਿੰਗਾਈ ਤੇ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਪਾਕਿਸਤਾਨ ਲਈ ਇੱਕ ਵੱਡੀ ਖੁਸ਼ਖ਼ਬਰੀ ਹੈ ਕਿ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਲਈ ਕਰਜ਼ਾ ਮਿਲ ਗਿਆ ਹੈ। ਜੇਕਰ ਇਸ ਦਾ ਉਪਯੋਗ ਠੀਕ ਢੰਗ ਨਾਲ ਹੋਇਆ ਤਾਂ ਪਾਕਿਸਤਾਨ ਦੇ ਹਾਲਾਤ ਬਦਲ ਸਕਦੇ ਹਨ ਜੇਕਰ ਗਲਤ ਤਰੀਕੇ ਨਾਲ ਕਰਜ਼ਾ ਵਰਤਿਆਂ ਗਿਆ ਤਾਂ ਹੋਰ ਮੰਦੀ ਵੱਲ ਪਾਕਿਸਤਾਨ ਵੱਧ ਜਾਵੇਗਾ। 


ਸਾਊਦੀ ਅਰਬ ਨੇ 11 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਆਖਰਕਾਰ ਪਾਕਿਸਤਾਨ ਨੂੰ 2 ਅਰਬ ਡਾਲਰ ਦਾ ਨਵਾਂ ਕਰਜ਼ਾ ਦਿੱਤਾ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਡਾਰ ਨੇ ਇਸ ਲਈ ਸਾਊਦੀ ਸਰਕਾਰ ਦਾ ਧੰਨਵਾਦ ਵੀ ਕੀਤਾ।


ਦੂਜੇ ਪਾਸੇ ਪਾਕਿਸਤਾਨ ਲਈ ਬੁੱਧਵਾਰ ਦਾ ਦਿਨ ਅਹਿਮ ਹੋਣ ਵਾਲਾ ਹੈ। ਬੁੱਧਵਾਰ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ IMF ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ 3 ਅਰਬ ਡਾਲਰ ਦੇ ਕਰਜ਼ੇ 'ਤੇ ਮੋਹਰ ਲਗਾ ਦੇਵੇਗਾ। ਇਸ ਦੀ ਬੋਰਡ ਮੀਟਿੰਗ ਹੋਣ ਵਾਲੀ ਹੈ।


ਇਸਹਾਕ ਡਾਰ ਨੇ  ਕਿਹਾ ਕਿ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਵਧ ਰਿਹਾ ਹੈ। ਸਾਊਦੀ ਅਰਬ ਨੇ ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਖ਼ਜ਼ਾਨੇ ਵਿੱਚ 2 ਅਰਬ ਡਾਲਰ ਜਮ੍ਹਾਂ ਕਰਵਾਏ ਹਨ। ਸਾਡੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਇਸ ਲਈ ਸਖ਼ਤ ਮਿਹਨਤ ਕੀਤੀ ਸੀ। ਸਾਡੇ ਦੋਸਤ ਪਾਕਿਸਤਾਨ ਦੀ ਮਦਦ ਲਈ ਇਕੱਠੇ ਖੜ੍ਹੇ ਹਨ।



IMF ਨੇ ਪਿਛਲੇ ਸਾਲ ਹੀ ਸਪੱਸ਼ਟ ਕੀਤਾ ਸੀ ਕਿ ਪਾਕਿਸਤਾਨ ਨੂੰ ਕਰਜ਼ਾ ਤਾਂ ਹੀ ਦਿੱਤਾ ਜਾ ਸਕਦਾ ਹੈ ਜੇਕਰ ਉਹ ਕਿਸੇ ਹੋਰ ਦੇਸ਼ ਤੋਂ ਘੱਟੋ-ਘੱਟ 2 ਅਰਬ ਡਾਲਰ ਦਾ ਕਰਜ਼ਾ ਲੈ ਕੇ ਆਪਣੇ ਵਿਦੇਸ਼ੀ ਭੰਡਾਰ 'ਚ ਗਰੰਟੀ ਮਨੀ ਦੇ ਤੌਰ 'ਤੇ ਜਮ੍ਹਾ ਕਰੇ। ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਇਸ ਸ਼ਰਤ ਨੂੰ ਪੂਰਾ ਕਰਨ ਲਈ ਤਿੰਨ ਦੇਸ਼ਾਂ ਚੀਨ, ਯੂਏਈ ਅਤੇ ਸਾਊਦੀ ਅਰਬਤੋਂ ਮਦਦ ਮੰਗੀ ਸੀ। 


ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ (MBS) ਨੇ ਕੁਝ ਮਹੀਨੇ ਪਹਿਲਾਂ ਸ਼ਾਹਬਾਜ਼ ਸ਼ਰੀਫ ਨਾਲ ਵਾਅਦਾ ਕੀਤਾ ਸੀ ਕਿ ਉਹ ਪਾਕਿਸਤਾਨ ਨੂੰ 2 ਅਰਬ ਡਾਲਰ ਦਾ ਕਰਜ਼ਾ ਦੇਵੇਗਾ। ਹਾਲਾਂਕਿ, ਸ਼ਾਹਬਾਜ਼ ਦੇ ਦੇਸ਼ ਪਰਤਣ ਤੋਂ ਬਾਅਦ ਰਾਜਕੁਮਾਰ ਨੇ ਵਾਅਦਾ ਪੂਰਾ ਨਹੀਂ ਕੀਤਾ। ਇਸ ਤੋਂ ਬਾਅਦ ਆਰਮੀ ਚੀਫ ਨੇ ਸਾਊਦੀ ਦਾ ਦੌਰਾ ਕੀਤਾ ਅਤੇ ਫਿਰ ਮਦਦ ਮੰਗੀ।


 ਇਸ ਤੋਂ ਬਾਅਦ ਵੀ ਸਾਊਦੀ ਨੇ ਕਰਜ਼ਾ ਨਹੀਂ ਦਿੱਤਾ। ਪਾਕਿਸਤਾਨ ਦੇ ਅਖਬਾਰ 'ਦ ਐਕਸਪ੍ਰੈਸ ਟ੍ਰਿਬਿਊਨ' ਨੇ ਪਿਛਲੇ ਮਹੀਨੇ ਖਬਰ ਦਿੱਤੀ ਸੀ ਕਿ ਸਾਊਦੀ ਆਪਣੇ ਪੈਸੇ ਦੀ ਗਾਰੰਟੀ ਮੰਗ ਰਿਹਾ ਹੈ।


ਹਾਲਾਂਕਿ, ਪਿਛਲੇ ਦਰਵਾਜ਼ੇ ਦੀ ਕੂਟਨੀਤੀ ਦਾ ਨਤੀਜਾ ਨਿਕਲਿਆ ਅਤੇ ਹੁਣ ਸਾਊਦੀ ਅਰਬ ਨੇ ਪਾਕਿਸਤਾਨ ਨੂੰ 2 ਬਿਲੀਅਨ ਡਾਲਰ ਦਿੱਤੇ ਹਨ। ਹਾਲਾਂਕਿ ਇਸ ਦੀਆਂ ਸ਼ਰਤਾਂ ਪਹਿਲਾਂ ਵਾਂਗ ਹੀ ਰਹਿਣਗੀਆਂ।