Saudi Arabia Royal Palace: ਸਾਊਦੀ ਅਰਬ ਨੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਨਵੀਂ ਯੋਜਨਾ ਬਣਾਈ ਹੈ। ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਾਊਦੀ ਸਰਕਾਰ ਨੇ ਪਹਿਲਾਂ ਵੀਜ਼ਾ ਨਿਯਮਾਂ ਵਿੱਚ ਢਿੱਲ ਦਿੱਤੀ। ਹੁਣ ਸ਼ਾਹੀ ਮਹਿਲ ਕਿਰਾਏ 'ਤੇ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਦਰਅਸਲ, ਸਾਊਦੀ ਅਰਬ ਦੀ ਜੀਡੀਪੀ ਕੱਚੇ ਤੇਲ ਦੀ ਸਪਲਾਈ 'ਤੇ ਨਿਰਭਰ ਕਰਦੀ ਹੈ। ਭਵਿੱਖ ਵਿੱਚ ਤੇਲ ਦੀ ਮੰਗ ਘਟਣ ਵਾਲੀ ਹੈ। ਇਨ੍ਹਾਂ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਊਦੀ ਅਰਬ ਸੈਰ-ਸਪਾਟੇ ਅਤੇ ਮਨੋਰੰਜਨ ਨੂੰ ਉਤਸ਼ਾਹਿਤ ਕਰ ਰਿਹਾ ਹੈ। ਹੁਣ ਸੈਰ-ਸਪਾਟੇ ਨੂੰ ਵਧਾਉਣ ਦੇ ਉਦੇਸ਼ ਨਾਲ ਸਾਊਦੀ ਅਰਬ ਆਪਣੇ ਸਾਬਕਾ ਸ਼ਾਸਕ ਸਾਊਦ ਬਿਲ ਅਬਦੁਲ ਅਜ਼ੀਜ਼ ਦਾ ਮਹਿਲ ਵੀ ਕਿਰਾਏ 'ਤੇ ਦੇਵੇਗਾ। ਸੈਲਾਨੀ ਇਸ ਪੈਲੇਸ ਵਿੱਚ ਰਾਤਾਂ ਕੱਟ ਸਕਣਗੇ। 3 ਲੱਖ 65 ਹਜ਼ਾਰ ਵਰਗ ਫੁੱਟ ਦਾ ਵਿਸ਼ਾਲ ਮਹਿਲ ਆਧੁਨਿਕ ਸਾਊਦੀ ਅਰਬ ਦੇ ਦੂਜੇ ਸ਼ਾਸਕ ਸਾਊਦ ਬਿਨ ਅਬਦੁਲ ਅਜ਼ੀਜ਼ ਦਾ ਘਰ ਹੋਇਆ ਕਰਦਾ ਸੀ।
ਬਲੂਮਬਰਗ ਦੀ ਰਿਪੋਰਟ ਮੁਤਾਬਕ, ਇਸ ਪੈਲੇਸ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ, ਜਿਸ ਲਈ ਬੁਟੀਕ ਗਰੁੱਪ ਨਾਂਅ ਦੀ ਬਿਲਡਰ ਕੰਪਨੀ ਨੂੰ ਹਾਇਰ ਕੀਤਾ ਗਿਆ ਹੈ। ਦਹਾਕਿਆਂ ਤੱਕ ਇਹ ਮਹਿਲ ਸ਼ਾਸਕ ਦੀ ਰਿਹਾਇਸ਼ ਰਿਹਾ ਤੇ ਫਿਰ ਇਸਨੂੰ ਸਰਕਾਰ ਦਾ ਹੈੱਡਕੁਆਰਟਰ ਬਣਾ ਦਿੱਤਾ ਗਿਆ। ਹੁਣ ਇਸ ਨੂੰ ਹੋਟਲ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਵਿੱਚ ਕੁੱਲ 70 ਕਮਰੇ ਹਨ, ਜਿਨ੍ਹਾਂ ਨੂੰ ਸੈਲਾਨੀਆਂ ਲਈ ਖੋਲ੍ਹਿਆ ਜਾਵੇਗਾ।
ਇਸ ਨਾਲ ਨਾ ਸਿਰਫ ਲੋਕਾਂ ਨੂੰ ਰਹਿਣ ਦਾ ਮੌਕਾ ਮਿਲੇਗਾ, ਸਗੋਂ ਉਹ ਸਾਊਦੀ ਅਰਬ ਦੇ ਸ਼ਾਹੀ ਜੀਵਨ ਦੇ ਗਵਾਹ ਵੀ ਹੋ ਸਕਣਗੇ। ਇਸ ਹੋਟਲ ਵਿੱਚ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਪਸੰਦੀਦਾ ਪਕਵਾਨ ਪਰੋਸੇ ਜਾਣਗੇ। ਖਾਣਾ ਖਾਂਦੇ ਸਮੇਂ ਵੀ ਲੋਕਾਂ ਨੂੰ ਸਾਊਦੀ ਅਰਬ ਦੀ ਸ਼ਾਹੀ ਜੀਵਨ ਸ਼ੈਲੀ ਦਾ ਅਨੁਭਵ ਕਰਵਾਇਆ ਜਾਵੇਗਾ। ਇਸ ਪੈਲੇਸ ਵਿੱਚ ਸਪਾ ਸੈਂਟਰ ਵੀ ਖੋਲ੍ਹੇ ਜਾਣਗੇ, ਜਿੱਥੇ ਰਵਾਇਤੀ ਸਾਊਦੀ ਇਲਾਜ ਉਪਲਬਧ ਹੋਣਗੇ।
ਰਿਪੋਰਟ 'ਚ ਦੱਸਿਆ ਗਿਆ ਕਿ ਰੈੱਡ ਪੈਲੇਸ ਦੇ ਨਾਂ ਨਾਲ ਜਾਣੇ ਜਾਂਦੇ ਇਸ ਮਹਿਲ ਨੂੰ 1940 'ਚ ਤਤਕਾਲੀ ਕ੍ਰਾਊਨ ਪ੍ਰਿੰਸ ਲਈ ਬਣਾਇਆ ਗਿਆ ਸੀ। ਹੁਣ ਇਸ ਨੂੰ ਅਤਿ ਲਗਜ਼ਰੀ ਹੋਟਲ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਪੈਲੇਸ 'ਚ ਲੋਕ ਸਾਊਦੀ ਅਰਬ ਦੇ ਸ਼ਾਹੀ ਜੀਵਨ ਦਾ ਅਨੁਭਵ ਕਰ ਸਕਣਗੇ। ਬੁਟੀਕ ਗਰੁੱਪ ਦੇ ਸੀਈਓ ਮਾਰਕ ਡੀ ਕੋਸਿਨਿਸ ਨੇ ਕਿਹਾ ਕਿ ਇਹ ਸ਼ਾਹੀ ਜੀਵਨ ਜਿਊਣ ਦਾ ਅਨੁਭਵ ਹੋਵੇਗਾ ਸਾਊਦੀ ਅਰਬ ਵਿੱਚ ਇਹ ਪਹਿਲਾ ਪ੍ਰਯੋਗ ਹੈ। ਹਾਲਾਂਕਿ, ਇਸ ਵਿੱਚ ਰਹਿਣ ਦੀ ਕੀਮਤ ਕਾਫ਼ੀ ਜ਼ਿਆਦਾ ਹੋਵੇਗੀ।