Pakistan Rape Case: ਪਾਕਿਸਤਾਨ ਦੇ ਕਰਾਚੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ 45 ਤੋਂ ਵੱਧ ਔਰਤਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨੀ ਅਖਬਾਰ 'ਡਾਨ ਨਿਊਜ਼' ਦੀ ਰਿਪੋਰਟ ਮੁਤਾਬਕ ਦੋਸ਼ੀ ਪ੍ਰਿੰਸੀਪਲ ਦੇ ਮੋਬਾਈਲ ਫੋਨ ਤੋਂ ਕਈ ਔਰਤਾਂ ਦੀਆਂ ਵੀਡੀਓ ਅਤੇ ਫੋਟੋਆਂ ਵੀ ਬਰਾਮਦ ਹੋਈਆਂ ਹਨ। ਦੋਸ਼ੀ ਅਧਿਆਪਕ ਦੀ ਪਛਾਣ ਇਰਫਾਨ ਗਫੂਰ ਮੇਮਨ ਵਜੋਂ ਹੋਈ ਹੈ।


ਜੀਓ ਨਿਊਜ਼ ਨੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਬਲਾਤਕਾਰ ਤੋਂ ਬਾਅਦ ਸਾਰੀਆਂ ਪੀੜਤਾਂ ਨੂੰ ਬਲੈਕਮੇਲ ਕੀਤਾ ਗਿਆ ਸੀ। 'ਜੀਓ ਨਿਊਜ਼' ਨਾਲ ਗੱਲਬਾਤ ਕਰਦੇ ਹੋਏ ਜਾਂਚ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਪੁਲਸ ਟੀਮ ਨੇ ਦੋਸ਼ੀ ਪ੍ਰਿੰਸੀਪਲ ਦੇ ਮੋਬਾਇਲ ਫੋਨ ਤੋਂ ਸਬੂਤ ਵੀ ਬਰਾਮਦ ਕਰ ਲਏ ਹਨ ਅਤੇ ਇਸ ਮਾਮਲੇ 'ਚ ਉਸ ਤੋਂ ਪੁੱਛਗਿੱਛ ਜਾਰੀ ਹੈ।



ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੋਇਆ ਖੁਲਾਸਾ 
'ਡਾਨ ਨਿਊਜ਼' ਦੀ ਰਿਪੋਰਟ ਮੁਤਾਬਕ ਪਿਛਲੇ ਦਿਨੀਂ ਇੰਟਰਨੈੱਟ 'ਤੇ ਕੁਝ ਔਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਹੋ ਰਹੀਆਂ ਸਨ। ਇਸ ਸਬੰਧੀ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਇਰਲ ਤਸਵੀਰਾਂ ਦੇ ਨਾਲ ਹੀ ਇੱਕ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਮਹਿਲਾ ਅਧਿਆਪਕ ਵਿਚਕਾਰ ਇੱਕ ਅਸ਼ਲੀਲ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਦੋਂ ਪੁਲਿਸ ਨੇ ਵੀਡੀਓ ਦੇ ਆਧਾਰ 'ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਕਰਾਚੀ ਦੇ ਇੱਕ ਸਕੂਲ ਦਾ ਮਾਮਲਾ ਹੈ। ਵਾਇਰਲ ਤਸਵੀਰਾਂ ਵਿੱਚ ਮੌਜੂਦ ਸਾਰੀਆਂ ਔਰਤਾਂ ਕਰਾਚੀ ਦੇ ਇੱਕ ਸਕੂਲ ਵਿੱਚ ਕੰਮ ਕਰਦੀਆਂ ਹਨ। ਜਾਂਚ ਦੌਰਾਨ ਪੁਲਸ ਨੂੰ ਸਕੂਲ ਦੇ ਪ੍ਰਿੰਸੀਪਲ 'ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਸ ਨੇ ਸਖਤੀ ਨਾਲ ਪੁੱਛਗਿੱਛ 'ਚ ਸਾਰੇ ਰਾਜ਼ ਖੋਲ੍ਹ ਦਿੱਤੇ।



ਸਾਰੀਆਂ ਪੀੜਤ ਔਰਤਾਂ ਸਕੂਲ ਅਧਿਆਪਕ 


  ਰਿਪੋਰਟ ਮੁਤਾਬਕ ਪੁਲਿਸ ਨੇ ਜਾਂਚ ਦੌਰਾਨ ਪਾਇਆ ਕਿ ਸਕੂਲ ਵਿੱਚ ਜਿਆਦਾਤਰ ਮਹਿਲਾ ਟੀਚਰ ਹਨ, ਜੋ ਵੱਖ-ਵੱਖ ਸਮੇਂ 'ਤੇ ਕੰਮ ਕਰਦੀਆਂ ਰਹੀਆਂ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਸਿਰਫ਼ ਪੰਜ ਪੁਰਸ਼ ਅਧਿਆਪਕ ਹਨ। ਸਕੂਲ ਵਿੱਚ ਛਾਪੇਮਾਰੀ ਦੌਰਾਨ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਗਿਆ ਅਤੇ ਉਸ ਵਿੱਚ ਕਈ ਇਤਰਾਜ਼ਯੋਗ ਵੀਡੀਓਜ਼ ਮਿਲੀਆਂ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਿੰਸੀਪਲ ਦੇ ਦਫਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਫੋਰੈਂਸਿਕ ਟੈਸਟ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਦੋਸ਼ੀ ਪ੍ਰਿੰਸੀਪਲ ਨੂੰ 7 ਦਿਨਾਂ ਦੇ ਰਿਮਾਂਡ 'ਤੇ ਜੇਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸਾਰੇ ਪੀੜਤ ਸਕੂਲ ਵਿੱਚ ਅਧਿਆਪਕ ਵਜੋਂ ਤਾਇਨਾਤ ਹਨ।


ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਇਹ ਵੀਡੀਓ ਇੱਕ ਮਹਿਲਾ ਅਧਿਆਪਕ ਵੱਲੋਂ ਇੰਟਰਨੈੱਟ ’ਤੇ ਅਪਲੋਡ ਕੀਤੀ ਗਈ ਸੀ ਅਤੇ ਉਹ ਇਸ ਵਾਰਦਾਤ ਵਿੱਚ ਸ਼ਾਮਲ ਹੈ। ਹਾਲਾਂਕਿ ਦੋਸ਼ੀ ਮਹਿਲਾ ਅਧਿਆਪਕ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਵੱਲੋਂ ਪ੍ਰਿੰਸੀਪਲ ਖ਼ਿਲਾਫ਼ ਦਰਜ ਕੀਤੇ ਕੇਸ ਵਿੱਚ ਮੁਲਜ਼ਮ ਖ਼ਿਲਾਫ਼ ਬਲਾਤਕਾਰ, ਬਲੈਕਮੇਲਿੰਗ ਅਤੇ ਧਮਕੀਆਂ ਦੇਣ ਵਰਗੀਆਂ ਧਾਰਾਵਾਂ ਦਰਜ ਕੀਤੀਆਂ ਗਈਆਂ ਹਨ।