ਮਹਿਤਾਬ-ਉਦ-ਦੀਨ
ਚੰਡੀਗੜ੍ਹ: ਪਿਛਲੇ ਕੁਝ ਸਾਲਾਂ ਦੌਰਾਨ ਜਦੋਂ ਅਫ਼ਗ਼ਾਨਿਸਤਾਨ ’ਚ ਦਹਿਸ਼ਤਗਰਦ ਹਮਲੇ ਬਹੁਤ ਜ਼ਿਆਦਾ ਵਧ ਗਏ ਸਨ; ਜਿਸ ਕਾਰਨ ਰਾਜਧਾਨੀ ਕਾਬੁਲ ’ਚ ਰਹਿੰਦੇ ਬਹੁਤ ਸਾਰੇ ਹਿੰਦੂ ਤੇ ਸਿੱਖ ਪਰਿਵਾਰ ਹਿਜਰਤ ਕਰ ਕੇ ਭਾਰਤ ਚਲੇ ਗਏ ਸਨ। ਉਨ੍ਹਾਂ ’ਚੋਂ ਜ਼ਿਆਦਾਤਰ ਪਰਿਵਾਰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਵੱਸ ਗਏ ਸਨ ਪਰ ਇਸ ਮਹੀਨੇ ਕਈ ਸਿੱਖ ਤੇ ਹਿੰਦੂ ਪਰਿਵਾਰ ਕੋਰੋਨਾ-ਵਾਇਰਸ ਮਹਾਮਾਰੀ ਦੌਰਾਨ ਦਿੱਲੀ ਤੋਂ ਕਾਬੁਲ ਪਰਤ ਗਏ ਹਨ।
25 ਸਾਲਾ ਸੰਦੀਪ ਸਿੰਘ ਨੇ ਅਫ਼ਗ਼ਾਨਿਸਤਾਨ ਦੇ ‘ਰੇਡੀਓ ਫ਼੍ਰੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ’ਚ ਉਨ੍ਹਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ‘ਉੱਥੇ ਸਾਡੀ ਪਹੁੰਚ ਨਾ ਤਾਂ ਡਾਕਟਰਾਂ ਤੱਕ ਸੀ ਅਤੇ ਨਾ ਹੀ ਦਵਾਈਆਂ ਤੱਕ। ਇਸ ਦੇ ਨਾਲ ਹੀ ਸਾਨੂੰ ਉੱਥੇ ਘਰਾਂ ਦੇ ਕਿਰਾਏ ਵੀ ਦੇਣੇ ਪੈਂਦੇ ਸਨ। ਇਸ ਤੋਂ ਇਲਾਵਾ ਸਾਨੂੰ ਅਫ਼ਗ਼ਾਨਿਸਤਾਨ ਆਉਣ-ਜਾਣ ਵਾਸਤੇ ਵੀਜ਼ੇ ਲੈਣੇ ਪੈਂਦੇ ਸਨ ਤੇ ਪੁਲਿਸ ਕੋਲ ਵੀ ਆਪਣੇ ਨਾਂ ਰਜਿਸਟਰ ਕਰਵਾਉਣੇ ਪੈਂਦੇ ਸਨ।’
‘ਇਸਲਾਮਿਕ ਸਟੇਟ’ ਦੇ ਅੱਤਵਾਦੀਆਂ ਨੇ ਜਦੋਂ ਅਫਗ਼ਾਨਿਸਤਾਨ ’ਚ ਸੰਦੀਪ ਸਿੰਘ ਦੇ ਪਰਿਵਾਰ ਦੇ ਛੇ ਮੈਂਬਰ ਮਾਰ ਦਿੱਤੇ ਸਨ; ਤਦ ਉਸ ਹਮਲੇ ’ਚ 25 ਸਿੱਖ ਮਾਰੇ ਗਏ ਸਨ। ਇਸੇ ਲਈ ਉਦੋਂ ਸੰਦੀਪ ਸਿੰਘ ਆਪਣੇ ਚਾਰ ਰਿਸ਼ਤੇਦਾਰਾਂ ਨਾਲ ਭਾਰਤ ਚਲੇ ਗਏ ਸਨ। ਸੰਦੀਪ ਸਿੰਘ ਹੁਣ ਕਾਬੁਲ ਦੇ ਗੁਰਦੁਆਰਾ ਸਾਹਿਬ ’ਚ ਰਹਿ ਰਹੇ ਹਨ। ਉੱਥੇ ਅਫ਼ਗ਼ਾਨਿਸਤਾਨ ਸਰਕਾਰ ਉਨ੍ਹਾਂ ਸੁਰੱਖਿਆ ਤੇ ਹੋਰ ਸਹਾਇਤਾ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਆਪਣੀ ਦੁਕਾਨ ਖੋਲ੍ਹ ਲਈ ਹੈ। ਗੁਰੂਘਰ ਵਿੱਚ ਉਨ੍ਹਾਂ ਨੂੰ ਹਰ ਮਹੀਨੇ 60 ਰੁਪਏ ਦੇਣੇ ਪੈਂਦੇ ਹਨ; ਜੋ ਉਹ ਆਸਾਨੀ ਨਾਲ ਦੇ ਸਕਦੇ ਹਨ।
ਇੱਕ ਹੋਰ ਸਿੱਖ ਨੌਜਵਾਨ ਗੁਲਰਾਜ ਸਿੰਘ ਵੀ ਤਿੰਨ ਕੁ ਹਫ਼ਤੇ ਪਹਿਲਾਂ ਕਾਬੁਲ ਪਰਤੇ ਹਨ। ਉਹ ਨੌਂ ਮਹੀਨੇ ਨਵੀਂ ਦਿੱਲੀ ’ਚ ਰਹੇ ਪਰ ਇਸ ਵੇਲੇ ਦਿੱਲੀ ’ਚ ਕੋਰੋਨਾ-ਵਾਇਰਸ ਦੀ ਲਾਗ ਦੇ ਮਾਮਲੇ ਬਹੁਤ ਜ਼ਿਆਦਾ ਵਧ ਗਏ ਸਨ। https://gandhara.rferl.org/ ਵੱਲੋਂ ਪ੍ਰਕਾਸ਼ਿਤ ਅਬੂਬਕਰ ਸਿੱਦੀਕ ਦੀ ਰਿਪੋਰਟ ਅਨੁਸਾਰ ਗੁਲਰਾਜ ਸਿੰਘ ਨੇ ਦੱਸਿਆ ਕਿ ਦਿੱਲੀ ’ਚ ਮਹਿੰਗਾਈ ਬਹੁਤ ਹੈ ਤੇ ਉੱਥੇ ਉਨ੍ਹਾਂ ਨੂੰ ਵਾਰ-ਵਾਰ ਕੁਆਰੰਟੀਨ ਕੀਤਾ ਜਾਂਦਾ ਸੀ।
ਪਿਛਲੇ ਸਾਲ 200 ਦੇ ਕਰੀਬ ਸਿੱਖ ਤੇ ਹਿੰਦੂ ਪਰਿਵਾਰ ਹਿਜਰਤ ਕਰ ਕੇ ਭਾਰਤ ਚਲੇ ਗਏ ਸਨ ਪਰ ਹੁਣ ਉਨ੍ਹਾਂ ’ਚੋਂ 40 ਪਰਿਵਾਰ ਕਾਬੁਲ ਪਰਤ ਆਏ ਹਨ। ਬਾਕੀ ਦੇ ਪਰਿਵਾਰਾਂ ਦੇ ਵੀ ਛੇਤੀ ਹੀ ਅਫ਼ਗ਼ਾਨਿਸਤਾਨ ਪਰਤ ਆਉਣ ਦੀ ਸੰਭਾਵਨਾ ਹੈ।
ਗੁਲਰਾਜ ਸਿੰਘ ਨੇ ਦੱਸਿਆ ਕਿ ਉਹ ਹਿੰਦੀ ਬੋਲ ਤਾਂ ਲੈਂਦੇ ਹਨ ਪਰ ਉੱਚਾਰਣ ਦਾ ਫ਼ਰਕ ਹੈ; ਜਿਸ ਕਰਕੇ ਦੂਜੇ ਦੀ ਗੱਲ ਸਮਝਣ ਵਿੱਚ ਔਕੜ ਪੇਸ਼ ਆਉਂਦੀ ਹੈ। ਪਰ ਹੁਣ ਅਫ਼ਗ਼ਾਨਿਸਤਾਨ ’ਚ ਵੀ ਇਨ੍ਹਾਂ ਸਿੱਖ ਤੇ ਹਿੰਦੂ ਪਰਿਵਾਰਾਂ ਦੀਆਂ ਔਕੜਾਂ ਕੋਈ ਘੱਟ ਨਹੀਂ ਹੋਈਆਂ। ਉਨ੍ਹਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਦਾਖ਼ਲੇ ਨਹੀਂ ਦਿੱਤੇ ਜਾਂਦੇ; ਜਿਸ ਕਰਕੇ ਉਨ੍ਹਾਂ ਅਫ਼ਗ਼ਾਨਿਸਤਾਨ ਦੇ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਦਾਖ਼ਲੇ ਦਿਵਾਉਣੇ ਪੈਂਦੇ ਹਨ।
ਅਫ਼ਗ਼ਾਨਿਸਤਾਨ ਦੇ ਇੱਕੋ-ਇੱਕ ਸਿੱਖ ਸੈਨੇਟਰ ਅਨਾਰਕਲੀ ਹੁਨਰਯਾਰ ਨੇ ਦੱਸਿਆ ਕਿ ਕੁਝ ਪਰਿਵਾਰ ਦਿੱਲੀ ਤੋਂ ਕਾਬੁਲ ਪਰਤ ਆਏ ਹਨ। ਉਨ੍ਹਾਂ ਨੂੰ ਸੁਰੱਖਿਆ, ਸਹਾਇਤਾ ਤੇ ਆਰਥਿਕ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਅਫ਼ਗ਼ਾਨ ਸੰਸਦ ਦੇ ਹੇਠਲੇ ਸਦਨ ਦੇ ਮੈਂਬਰ ਨਰਿੰਦਰ ਸਿੰਘ ਖਾਲਸਾ ਨੇ ਸਰਕਾਰ ਦੇ ਇਸ ਕਦਮ ਉੱਤੇ ਖ਼ੁਸ਼ੀ ਪ੍ਰਗਟਾਈ ਹੈ। ਇੰਝ ਹੀ ਦਿੱਲੀ ਤੋਂ ਪਰਤੇ ਗੁਰਨਾਮ ਸਿੰਘ ਨੇ ਵੀ ਅਫ਼ਗ਼ਾਨਿਸਤਾਨ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਉੱਤੇ ਹੱਲ ਕੀਤੀਆਂ ਜਾਣ।