ਨਿਊਯਾਰਕ: ਸਿੱਖ ਭਾਈਚਾਰੇ ਵੱਲੋਂ ਮਨਾਏ ਗਏ ਦਸਤਾਰ ਦਿਵਸ ਮੌਕੇ ਨਿਊਯਾਰਕ ਦਾ ਟਾਈਮਜ਼ ਸਕੁਏਅਰ ਵੱਖ-ਵੱਖ ਰੰਗਾਂ ਦੀਆਂ ਪੱਗਾਂ ਨਾਲ ਰੰਗਿਆ ਗਿਆ। ਇਸ ਮੌਕੇ ਦਸਤਾਰਧਾਰੀ ਸਿੱਖਾਂ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਕਾਇਮ ਕਰ ਦਿੱਤਾ। ਸਿੱਖਜ਼ ਆਫ਼ ਨਿਊਯਾਰਕ ਦੇ ਬਾਨੀ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਘੰਟਿਆਂ ਵਿੱਚ 9000 ਤੋਂ ਵੱਧ ਲੋਕਾਂ ਨੇ ਦਸਤਾਰਾਂ ਬੰਨ੍ਹ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਸ ਸਬੰਧੀ ਜਥੇਬੰਦੀ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵੱਲੋਂ ਪ੍ਰਮਾਣ ਪੱਤਰ ਦਿੱਤਾ ਗਿਆ ਹੈ।


 

ਸ਼ਨਿਚਰਵਾਰ ਨੂੰ ਨਿਊਯਾਰਕ ਦੀਆਂ ਸਿੱਖਾਂ ਜਥੇਬੰਦੀਆਂ ਨੇ ਮਹਿਮਾਨਾਂ ਦੇ ਦਸਤਾਰਾਂ ਸਜਾਈਆਂ ਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਧਰਮ ਤੇ ਵਿਰਸੇ ਦੀ ਜਾਣਕਾਰੀ ਦਿੱਤੀ। ਸਮਝਿਆ ਜਾਂਦਾ ਹੈ ਕਿ ਅਮਰੀਕਾ ਵਿੱਚ ਅਜੇ ਵੀ ਸਿੱਖਾਂ ਬਾਰੇ ਕਈ ਤਰ੍ਹਾਂ ਦੇ ਭੁਲੇਖੇ ਬਣੇ ਹੋਏ ਹਨ। ਸਿੱਖਜ਼ ਆਫ਼ ਨਿਊਯਾਰਕ ਦੇ ਇਸ ਸਮਾਗਮ ਦੇ ਪ੍ਰਬੰਧਕ ਗਗਨਦੀਪ ਸਿੰਘ ਨੇ ਦੱਸਿਆ, "ਇਹ ਸਮਾਗਮ ਕਰਾਉਣ ਦਾ ਮੰਤਵ ਇਹ ਚੇਤਨਾ ਫੈਲਾਉਣਾ ਹੈ ਕਿ ਸਿਰਾਂ ’ਤੇ ਦਸਤਾਰ ਸਜਾਉਣ ਵਾਲੇ ਲੋਕੀਂ ਸਿੱਖ ਅਖਵਾਉਂਦੇ ਹਨ। ਅਸੀਂ ਇਹ ਵੀ ਦੱਸਦੇ ਹਾਂ ਕਿ ਸਿੱਖ ਦਸਤਾਰ ਕਿਉਂ ਬੰਨ੍ਹਦੇ ਹਨ ਤੇ ਇਸ ਦਾ ਮਨੋਰਥ ਕੀ ਹੈ। ਇਹ ਤੁਹਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ।"

ਦਸਤਾਰ ਦਿਵਸ ਸਮਾਗਮ ਵਿੱਚ ਹਿੱਸਾ ਲੈਣ ਵਾਲੀ ਨਾਗਰਿਕ ਹੱਕਾਂ ਦੀ ਜਥੇਬੰਦੀ ਸਿੱਖ ਕੁਲੀਸ਼ਨ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਭਾਈਚਾਰੇ ਦੇ ਮੈਂਬਰਾਂ ਖ਼ਿਲਾਫ਼ ਨਫ਼ਰਤੀ ਹਮਲੇ ਵਧੇ ਹਨ। ਜਥੇਬੰਦੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ 2018 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਰ ਹਫ਼ਤੇ ਸਿੱਖਾਂ ਨੂੰ ਔਸਤਨ ਇੱਕ ਨਫ਼ਰਤੀ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸਲ ਵਿੱਚ ਨਫ਼ਰਤੀ ਹਮਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ ਕਿਉਂਕਿ ਬਹੁਤ ਸਾਰੇ ਪੀੜਤ ਅਜਿਹੇ ਹਮਲਿਆਂ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜਾਂ ਸਿੱਖ ਕੁਲੀਸ਼ਨ ਨੂੰ ਇਤਲਾਹ ਨਹੀਂ ਦਿੰਦੇ ਅਮਰੀਕਨ ਮੀਡੀਆ ਨੇ ਆਮ ਲੋਕਾਂ ਦੇ ਮਨਾਂ ਵਿੱਚ ਇਹ ਭਰਮ ਬਿਠਾ ਦਿੱਤਾ ਹੈ ਕਿ ਪਗੜੀਧਾਰੀ ਲੋਕ ਦਹਿਸ਼ਤਪਸੰਦ ਹੁੰਦੇ ਹਨ ਤੇ ਇਸ ਦਾ ਸਭ ਤੋਂ ਵੱਧ ਖਮਿਆਜ਼ਾ ਸਿੱਖਾਂ ਨੂੰ ਹੀ ਭੁਗਤਣਾ ਪਿਆ ਹੈ।

ਕੈਲੀਫੋਰਨੀਆ ਦੀ ਸੂਬਾਈ ਅਸੈਂਬਲੀ ਵੱਲੋਂ ਮੈਂਬਰ ਅਰਸ਼ ਕਾਲੜਾ ਦੇ ਉਦਮ ’ਤੇ 12 ਅਪਰੈਲ ਨੂੰ ਵਿਸਾਖੀ ਦਿਵਸ ਮਨਾਉਣ ਲਈ ਮਤਾ ਪਾਸ ਕੀਤੇ ਜਾਣ ਦੇ ਆਸਾਰ ਹਨ। 13 ਅਪਰੈਲ ਨੂੰ ਕੈਲੀਫੋਰਨੀਆ ਦੇ ਫ੍ਰੀਮੌਂਟ ਵਿੱਚ ਸਿੱਖ ਚਿਲਡਰਨ ਫੋਰਮ ਵੱਲੋਂ ਕੌਮਾਂਤਰੀ ਦਸਤਾਰ ਦਿਵਸ ਮਨਾਇਆ ਜਾ ਰਿਹਾ ਹੈ। ਜਥੇਬੰਦੀ ਵੱਲੋਂ ਦਸਤਾਰ ਨਹੀਂ ਬੰਨ੍ਹਣ ਵਾਲੇ ਸਾਰੇ ਸਿੱਖਾਂ ਨੂੰ ਆਪਣੇ ਆਮ ਵਿਹਾਰ ਵਿੱਚ ਦਸਤਾਰ ਬੰਨ੍ਹਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।