Sudan Civil War: ਉੱਤਰ-ਪੂਰਬੀ ਅਫਰੀਕਾ ਵਿੱਚ ਸਥਿਤ ਇੱਕ ਦੇਸ਼ ਸੁਡਾਨ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਖੇਤਰਫਲ ਦੇ ਲਿਹਾਜ਼ ਨਾਲ ਅਫਰੀਕਾ ਦਾ ਤੀਜਾ ਸਭ ਤੋਂ ਵੱਡਾ ਇਹ ਦੇਸ਼ ਲੰਬੇ ਸਮੇਂ ਤੋਂ ਜੰਗ ਵਿੱਚ ਫਸਿਆ ਹੋਇਆ ਹੈ। ਪਰ ਇਸ ਵਿਚਾਲੇ ਔਰਤਾਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕੀਤਾ ਜਾ ਰਿਹਾ ਹੈ। ਦਰਅਸਲ, ਇਸ ਜੰਗ ਦਾ ਸਭ ਤੋਂ ਮਾੜਾ ਅਸਰ ਇੱਥੋਂ ਦੀਆਂ ਔਰਤਾਂ 'ਤੇ ਪਿਆ ਹੈ ਜੋ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਆਪਣੀ ਇੱਜ਼ਤ ਦਾ ਵਪਾਰ ਕਰਨ ਲਈ ਮਜ਼ਬੂਰ ਹਨ।



1956 ਵਿੱਚ ਆਜ਼ਾਦੀ ਹਾਸਲ ਕਰਨ ਵਾਲਾ ਇਹ ਦੇਸ਼ ਅਸਲ ਅਰਥਾਂ ਵਿੱਚ ਕਦੇ ਆਜ਼ਾਦ ਨਹੀਂ ਹੋਇਆ। ਹਿੰਸਾ, ਲਾਲਚ ਅਤੇ ਸੱਤਾ ਦੇ ਸੰਘਰਸ਼ ਨੇ ਇਸ ਦੇਸ਼ ਨੂੰ ਧਰਤੀ 'ਤੇ ਨਰਕ ਵਰਗਾ ਬਣਾ ਦਿੱਤਾ ਹੈ। ਸੂਡਾਨ ਦੇ ਓਮਡਰਮੈਨ ਸ਼ਹਿਰ ਵਿੱਚ ਜਿਉਂਦੇ ਰਹਿਣ ਲਈ ਸੰਘਰਸ਼ ਕਰ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭੋਜਨ ਦੇ ਬਦਲੇ ਸੈਨਿਕਾਂ ਨਾਲ ਸੈਕਸ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਦਿ ਗਾਰਡੀਅਨ ਦੀ ਇੱਕ ਰਿਪੋਰਟ ਅਨੁਸਾਰ ਓਮਡਰਮੈਨ ਵਿੱਚ ਲੜਾਈ ਦੌਰਾਨ ਭੱਜਣ ਵਿੱਚ ਨਾਕਾਮ ਰਹਿਣ ਵਾਲੀਆਂ ਦੋ ਦਰਜਨ ਤੋਂ ਵੱਧ ਔਰਤਾਂ ਨੇ ਤਸ਼ੱਦਦ ਦੀਆਂ ਕਹਾਣੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸੁਡਾਨੀ ਫੌਜ ਦੇ ਸਿਪਾਹੀਆਂ ਨਾਲ ਸੈਕਸ ਕਰਨ ਤੋਂ ਇਲਾਵਾ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰਨ ਦਾ ਕੋਈ ਰਸਤਾ ਨਹੀਂ ਸੀ।






 


ਲੱਖਾਂ ਲੋਕ ਮਾਰੇ ਗਏ, ਕਰੋੜਾਂ ਬੇਘਰ ਹੋ ਗਏ


ਦੱਸ ਦੇਈਏ ਕਿ ਇਸ ਦੇਸ਼ ਵਿੱਚ ਚੱਲ ਰਹੇ ਸੰਘਰਸ਼ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 1 ਕਰੋੜ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ। ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਅਨੁਸਾਰ ਇਸ ਦੇਸ਼ ਦੇ ਲਗਭਗ 26 ਮਿਲੀਅਨ ਲੋਕ ਭੋਜਨ ਦੀ ਅਸੁਰੱਖਿਆ ਦੇ ਗੰਭੀਰ ਪੱਧਰ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਵਿੱਚ ਸੈਨਿਕਾਂ ਦੁਆਰਾ ਜਿਨਸੀ ਸ਼ੋਸ਼ਣ ਦੀਆਂ ਰਿਪੋਰਟਾਂ 15 ਅਪ੍ਰੈਲ 2023 ਨੂੰ ਸੰਘਰਸ਼ ਸ਼ੁਰੂ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਸਨ। ਕੁਝ ਔਰਤਾਂ ਨੇ ਇਹ ਵੀ ਦੱਸਿਆ ਕਿ ਸਿਪਾਹੀ ਖਾਲੀ ਘਰਾਂ ਵਿੱਚ ਰਹਿਣ ਦੀ ਇਜਾਜ਼ਤ ਲੈਣ ਲਈ ਵੀ ਸੈਕਸ ਲਈ ਕਹਿੰਦੇ ਹਨ।