Heavy Rainfall in Dubai: ਖਾੜੀ ਦੇਸ਼ ਸੰਯੁਕਤ ਅਰਬ ਅਮੀਰਾਤ ਦੇ ਕੁਝ ਹਿੱਸਿਆਂ ਵਿੱਚ ਸ਼ਨੀਵਾਰ (18 ਨਵੰਬਰ) ਸਵੇਰੇ ਭਾਰੀ ਮੀਂਹ ਅਤੇ ਤੂਫਾਨ ਤੋਂ ਬਾਅਦ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਖਾਸ ਕਰਕੇ ਦੁਬਈ ਦੀਆਂ ਸੜਕਾਂ 'ਤੇ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਗਈ ਹੈ। ਸੜਕਾਂ ’ਤੇ ਕਈ-ਕਈ ਫੁੱਟ ਪਾਣੀ ਜਮ੍ਹਾਂ ਹੋਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।


ਸੜਕਾਂ ਦੇ ਪਾਣੀ ਵਿਚ ਡੁੱਬਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੌਸਮ ਦੇ ਖ਼ਰਾਬ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਲੋਕਾਂ ਨੂੰ ਬੀਚਾਂ ਤੋਂ ਬਚਣ ਅਤੇ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਖ਼ਰਾਬ ਮੌਸਮ ਦਾ ਫਲਾਇਟ ਸੰਚਾਲਨ ਵੀ ਪ੍ਰਭਾਵਿਤ ਹੋ ਰਿਹਾ ਹੈ।


ਬੀਚਾਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ


ਭਾਰੀ ਮੀਂਹ ਤੋਂ ਬਾਅਦ ਵਿਗੜਦੇ ਹਾਲਾਤਾਂ ਕਾਰਨ ਦੁਬਈ ਪੁਲਿਸ ਵੱਲੋਂ ਸਵੇਰੇ 6.30 ਵਜੇ ਲੋਕਾਂ ਨੂੰ ਅਲਰਟ ਜਾਰੀ ਕੀਤਾ ਗਿਆ ਸੀ। ਲੋਕਾਂ ਨੂੰ ਬੀਚਾਂ ਅਤੇ ਹੜ੍ਹ ਸੰਭਾਵਿਤ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਡਰਾਈਵਰਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ। ਤੂਫਾਨ ਅਤੇ ਮੀਂਹ ਕਾਰਨ ਖਰਾਬ ਸਥਿਤੀ ਨੂੰ ਦੇਖਦੇ ਹੋਏ ਯੂਏਈ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਪੀਲੇ ਅਤੇ ਸੰਤਰੀ ਅਲਰਟ ਵੀ ਜਾਰੀ ਕੀਤਾ ਹੈ।


ਕਿਸ਼ਤੀਆਂ ਲੈ ਕੇ ਨਿਕਲੇ ਲੋਕ


ਇਸ ਦੌਰਾਨ ਲੋਕ ਸੜਕਾਂ 'ਤੇ ਦਿਖਾਈ ਦੇਣ ਵਾਲੇ ਹਾਲਾਤ ਨੂੰ ਦਿਖਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਈ ਵੀਡੀਓਜ਼ ਵੀ ਸ਼ੇਅਰ ਕਰ ਰਹੇ ਹਨ। ਇਕ ਯੂਜ਼ਰ ਨੇ ਵੀਡੀਓ ਰਾਹੀਂ ਦਿਖਾਇਆ ਹੈ ਕਿ ਸੜਕ ਇੰਨੀ ਭਰ ਗਈ ਹੈ ਕਿ ਲੋਕ ਛੋਟੀਆਂ ਕਿਸ਼ਤੀਆਂ ਚਲਾਉਂਦੇ ਨਜ਼ਰ ਆ ਰਹੇ ਹਨ।


ਦੂਜੇ ਪਾਸੇ ਦੁਬਈ ਪੁਲਿਸ ਭਾਰੀ ਮੀਂਹ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਕਾਬੂ ਕਰਨ ਅਤੇ ਸੜਕਾਂ 'ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪੂਰੀ ਚੌਕਸੀ ਦਿਖਾ ਰਹੀ ਹੈ। ਇਸ ਤੋਂ ਇਲਾਵਾ ਦੁਬਈ ਨਗਰ ਪਾਲਿਕਾ ਵੀ ਪੂਰੇ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਜਮ੍ਹਾਂ ਹੋਏ ਬਰਸਾਤੀ ਪਾਣੀ ਨੂੰ ਕੱਢਣ ਵਿੱਚ ਲੱਗੀ ਹੋਈ ਹੈ।


ਭਾਰੀ ਮੀਂਹ ਦੀ ਭਵਿੱਖਬਾਣੀ ਤੋਂ ਪਹਿਲਾਂ ਹੀ ਮਜ਼ਦੂਰ ਵਰਗ ਨੂੰ ਹੁਕਮ ਜਾਰੀ 


ਸੰਯੁਕਤ ਅਰਬ ਅਮੀਰਾਤ ਵਿੱਚ ਸੰਭਾਵਿਤ ਬਾਰਿਸ਼ ਦੇ ਕਾਰਨ, ਸਰਕਾਰ ਨੇ ਵੀਰਵਾਰ ਨੂੰ ਪ੍ਰਾਈਵੇਟ ਸੈਕਟਰ ਨੂੰ ਸ਼ੁੱਕਰਵਾਰ ਨੂੰ ਲੋਕਾਂ ਨੂੰ ਕੰਮ 'ਤੇ ਲਿਆਉਣ ਲਈ ਨਰਮ ਰੁਖ ਅਪਣਾਉਣ ਦੀ ਬੇਨਤੀ ਕੀਤੀ ਸੀ। ਸੰਭਾਵਿਤ ਭਾਰੀ ਮੀਂਹ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਲਚਕਦਾਰ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਬੇਨਤੀ ਕੀਤੀ ਗਈ ਸੀ।