UK Election 2024: ਬ੍ਰਿਟੇਨ ਵਿੱਚ ਹੋਈਆਂ ਆਮ ਚੋਣਾਂ ਵਿੱਚ ਪੰਜਾਬੀਆਂ ਨੇ ਝੰਡੇ ਗੱਡ ਦਿੱਤੇ ਹਨ। ਇਨ੍ਹਾਂ ਚੋਣਾਂ ਵਿੱਚ 9 ਦੇ ਕਰੀਬ ਪੰਜਾਬੀ ਮੂਲ ਦੇ ਲੋਕ ਜਿੱਤਣ ਵਿੱਚ ਕਾਮਯਾਬ ਰਹੇ। ਬਹੁਤੇ ਆਗੂ ਸੱਤਾ ਵਿੱਚ ਆਈ ਲੇਬਰ ਪਾਰਟੀ ਦੀ ਟਿਕਟ ’ਤੇ ਚੋਣ ਜਿੱਤੇ ਹਨ। ਇਨ੍ਹਾਂ ਸਾਰਿਆਂ ਵਿੱਚ ਪ੍ਰਮੁੱਖ ਨਾਂ ਲੇਬਰ ਪਾਰਟੀ ਦੇ ਤਨਮਨਜੀਤ ਸਿੰਘ ਢੇਸੀ ਦਾ ਹੈ। ਉਹ ਮੂਲ ਰੂਪ ਤੋਂ ਜਲੰਧਰ ਦੇ ਰਹਿਣ ਵਾਲੇ ਹਨ। ਉਹ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ। 



ਇਸ ਵਾਰ ਬ੍ਰਿਟਿਸ਼ ਚੋਣਾਂ (British elections) ਵਿੱਚ ਉਥੋਂ ਦੀਆਂ ਸਿਆਸੀ ਪਾਰਟੀਆਂ ਨੇ 20 ਤੋਂ ਵੱਧ ਭਾਰਤੀ ਮੂਲ ਦੇ ਅਤੇ ਪੰਜਾਬੀਆਂ ਨੂੰ ਮੈਦਾਨ ਵਿੱਚ ਉਤਾਰਿਆ ਸੀ। ਉਥੇ ਪੰਜਾਬੀਆਂ ਦੀ ਗਿਣਤੀ ਵਧ ਹੈ। ਹਾਲਾਂਕਿ ਇਸ ਵਾਰ ਲਗਾਤਾਰ ਚੋਣਾਂ ਜਿੱਤ ਰਹੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਮੈਦਾਨ ਤੋਂ ਹਟ ਗਏ। ਉਹ ਜਲੰਧਰ ਦੇ ਵਸਨੀਕ ਹਨ ਤੇ ਲੰਬੇ ਸਮੇਂ ਤੋਂ ਬਰਤਾਨੀਆ ਵਿੱਚ ਸੈਟਲ ਹਨ। ਹਾਲਾਂਕਿ ਪਿਛਲੀਆਂ ਚੋਣਾਂ ਵਿੱਚ ਤਿੰਨ ਵਿਅਕਤੀ ਚੋਣ ਜਿੱਤਣ ਵਿੱਚ ਸਫਲ ਰਹੇ ਸਨ।


ਪ੍ਰੀਤ ਕੌਰ ਗਿੱਲ ਤੀਜੀ ਵਾਰ ਸੰਸਦ ਮੈਂਬਰ ਬਣੀ


ਬਰਮਿੰਘਮ-ਐਡਸਬੈਸਟਨ ਤੋਂ ਲੇਬਰ ਪਾਰਟੀ ਦੀ ਪ੍ਰੀਤ ਕੌਰ ਗਿੱਲ ਤੀਜੀ ਵਾਰ ਚੋਣ ਜਿੱਤ ਗਈ ਹੈ। ਪ੍ਰੀਤ ਕੌਰ ਗਿੱਲ ਨੂੰ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਹੋਣ ਦਾ ਮਾਣ ਵੀ ਹਾਸਲ ਹੈ।


ਜਸ ਅਟਵਾਲ ਵੀ ਚੋਣ ਜਿੱਤੇ


ਪਤਾ ਲੱਗਾ ਹੈ ਕਿ ਜਸ ਅਟਵਾਲ ਵੀ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਨੇ ਇਲਫੋਰਡ ਸਾਊਥ ਤੋਂ ਚੋਣ ਜਿੱਤੀ ਹੈ। ਉਨ੍ਹਾਂ ਦਾ ਜਨਮ ਵੀ ਪੰਜਾਬ ਵਿੱਚ 1963 ਵਿੱਚ ਹੋਇਆ ਸੀ। ਉਹ 2010 ਤੋਂ ਰਾਜਨੀਤੀ ਵਿੱਚ ਸਰਗਰਮ ਹਨ।


ਹਰਪ੍ਰੀਤ ਕੌਰ ਵੀ ਚੋਣ ਜਿੱਤੀ


ਹਰਪ੍ਰੀਤ ਕੌਰ ਉੱਪਲ ਵੀ ਪੰਜਾਬੀ ਮੂਲ ਦੀ ਹੈ। ਉਨ੍ਹਾਂ ਨੇ ਲੇਬਰ ਪਾਰਟੀ ਦੀ ਟਿਕਟ 'ਤੇ ਹਡਰਸਫੀਲਡ ਤੋਂ ਚੋਣ ਲੜੀ ਸੀ।


ਵਰਿੰਦਰ ਜਸ ਵੀ ਜਿੱਤੇ


ਇਸ ਤਰ੍ਹਾਂ ਵਰਿੰਦਰ ਜਸ ਵੀ ਲੇਬਰ ਪਾਰਟੀ ਦੀ ਟਿਕਟ 'ਤੇ ਚੋਣ ਜਿੱਤ ਗਏ ਹਨ। ਉਨ੍ਹਾਂ ਨੇ ਵੁਲਵਰਹੈਂਪਟਨ ਵੈਸਟ ਤੋਂ ਚੋਣ ਜਿੱਤੀ ਹੈ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਜੇਤੂ ਐਲਾਨਿਆ ਗਿਆ ਤਾਂ ਉਨ੍ਹਾਂ ਦੇ ਸਮਰਥਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸੇ ਤਰ੍ਹਾਂ ਗੁਰਿੰਦਰ ਸਿੰਘ ਜੋਸਨ ਸਮੈਥਵਿਕ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਹਨ।