UK Riots: ਬ੍ਰਿਟੇਨ ਦੇ ਲੀਡਸ ਸ਼ਹਿਰ ਵਿੱਚ ਦੰਗੇ ਭੜਕ ਗਏ ਹਨ। ਬੀਤੀ ਰਾਤ ਸ਼ਹਿਰ ਵਾਸੀਆਂ ਨੇ ਸੜਕਾਂ 'ਤੇ ਆ ਕੇ ਭੰਨ-ਤੋੜ ਅਤੇ ਅੱਗਜ਼ਨੀ ਕੀਤੀ। ਸ਼ਹਿਰ ਦੇ ਮੱਧ ਵਿੱਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਅਤੇ ਹੰਗਾਮਾ ਕੀਤਾ। ਇਸ ਦੌਰਾਨ ਦੰਗਾਕਾਰੀਆਂ ਨੇ ਪੁਲਿਸ ਦੀਆਂ ਗੱਡੀਆਂ 'ਤੇ ਵੀ ਹਮਲਾ ਕੀਤਾ। ਬੱਸ ਨੂੰ ਅੱਗ ਲਗਾ ਦਿੱਤੀ ਗਈ। ਕਈ ਕਾਰਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਉਹ ਸੜਕ 'ਤੇ ਹੀ ਪਲਟਾ ਦਿੱਤੀਆਂ। ਯੂਕੇ ਦੰਗਿਆਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।
ਬਰਤਾਨੀਆ ਵਿੱਚ ਭੜਕਣ ਵਾਲੇ ਦੰਗਿਆਂ ਦਾ ਕਾਰਨ ਸਥਾਨਕ ਚਾਈਲਡ ਕੇਅਰ ਏਜੰਸੀ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਨਾ ਦੱਸਿਆ ਜਾ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਚਾਈਲਡ ਕੇਅਰ ਏਜੰਸੀ ਨੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰ ਕੇ ਚਾਈਲਡ ਕੇਅਰ ਹੋਮ ਵਿੱਚ ਰੱਖਿਆ ਹੋਇਆ ਹੈ। ਇਸ ਕਾਰਨ ਸ਼ਹਿਰ ਦੇ ਲੋਕ ਕਾਫੀ ਨਾਰਾਜ਼ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ 'ਚ ਲੋਕ ਪੁਲਿਸ ਦੀਆਂ ਗੱਡੀਆਂ 'ਤੇ ਹਮਲਾ ਕਰ ਰਹੇ ਹਨ। ਦੰਗਾਕਾਰੀ ਕਾਰਾਂ ਨੂੰ ਉਲਟਾਉਣ ਤੋਂ ਪਹਿਲਾਂ ਉਨ੍ਹਾਂ ਦੇ ਸ਼ੀਸ਼ੇ ਤੋੜ ਰਹੇ ਹਨ। ਇੱਕ ਹੋਰ ਵੀਡੀਓ ਵਿੱਚ ਭੀੜ ਇੱਕ ਡਬਲ ਡੈਕਰ ਬੱਸ ਨੂੰ ਅੱਗ ਲਗਾਉਂਦੀ ਦਿਖਾਈ ਦੇ ਰਹੀ ਹੈ।
ਵੈਸਟ ਯੌਰਕਸ਼ਾਇਰ ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ 5 ਵਜੇ ਤੋਂ ਲੀਡਸ ਸ਼ਹਿਰ ਦੇ ਹੇਰੇਹਿਲਸ ਇਲਾਕੇ ਵਿੱਚ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਇਨ੍ਹਾਂ ਵਿੱਚ ਕੁਝ ਬੱਚਿਆਂ ਨੇ ਵੀ ਭਾਗ ਲਿਆ। ਥੋੜ੍ਹੇ ਸਮੇਂ ਵਿਚ ਹੀ ਭੀੜ ਭੜਕ ਗਈ ਤੇ ਹੰਗਾਮਾ ਸ਼ੁਰੂ ਹੋ ਗਿਆ। ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਇਨ੍ਹਾਂ ਦੰਗਿਆਂ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਵਾਇਰਲ ਵੀਡੀਓ ਵਿੱਚ ਭੀੜ ਪੁਲਿਸ ਵੈਨ ਨੂੰ ਪਲਟਦੀ ਵੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦੇਖਿਆ ਗਿਆ ਕਿ ਇੱਕ ਵਿਅਕਤੀ ਅੱਗ ਲਗਾ ਰਿਹਾ ਹੈ ਅਤੇ ਕੁਝ ਲੋਕ ਉਸ 'ਤੇ ਕੂੜਾ ਸੁੱਟ ਰਹੇ ਹਨ। ਇਨ੍ਹਾਂ ਦੰਗਿਆਂ ਕਾਰਨ ਸ਼ਹਿਰ ਦੀਆਂ ਕਈ ਸੜਕਾਂ ’ਤੇ ਆਵਾਜਾਈ ਵਿੱਚ ਵਿਘਨ ਪਿਆ ਹੈ। ਸਥਿਤੀ ਆਮ ਹੋਣ ਤੱਕ ਇਲਾਕੇ ਵਿੱਚ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਯਵੇਟ ਕੂਪਰ ਨੇ ਕਿਹਾ ਕਿ ਉਹ ਲੀਡਜ਼ 'ਚ ਅਸ਼ਾਂਤੀ ਤੋਂ ਡੂੰਘੀ ਚਿੰਤਾ 'ਚ ਹੈ ਅਤੇ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
ਲੀਡਜ਼ ਸ਼ਹਿਰ ਵਿੱਚ ਭੜਕੀ ਹਿੰਸਾ ਬਾਰੇ 26 ਸਾਲਾ ਰੀਸਾ ਨੇ ਕਿਹਾ ਕਿ ਦੰਗਾਕਾਰੀਆਂ ਨੇ ਇਲਾਕੇ ਵਿੱਚ ਇੱਕ ਬੱਸ ਨੂੰ ਘੇਰ ਲਿਆ। ਬੱਸ ਡਰਾਈਵਰ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਬੱਸ ਨੂੰ ਬਾਹਰ ਨਹੀਂ ਕੱਢ ਸਕਿਆ, ਜਿਸ ਤੋਂ ਬਾਅਦ ਉਸ ਨੇ ਆਪਣੀ ਜਾਨ ਬਚਾਉਣ ਲਈ ਬੱਸ ਛੱਡ ਦਿੱਤੀ। ਗਿਪਟਨ ਐਂਡ ਹਾਰਹਿਲਸ ਦੀ ਕੌਂਸਲਰ ਸਲਮਾ ਆਰਿਫ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੇਰਹਿਲਸ 'ਚ ਸਥਿਤੀ ਠੀਕ ਨਹੀਂ ਹੈ।