Zelenskyy letter to Trump: ਅਮਰੀਕੀ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵਿਚਕਾਰ ਹੋਈ ਮੁਲਾਕਾਤ ਹਾਲ ਹੀ ਦੇ ਦਿਨਾਂ ਵਿੱਚ ਦੁਨੀਆ ਭਰ ਵਿੱਚ ਚਰਚਾ ਦਾ ਇੱਕ ਵੱਡਾ ਵਿਸ਼ਾ ਬਣ ਗਈ ਸੀ। ਇਸ ਮੁਲਾਕਾਤ ਵਿੱਚ ਟਰੰਪ ਤੇ ਜ਼ੇਲੇਂਸਕੀ ਵਿਚਕਾਰ ਹੋਈ ਗਰਮਾ-ਗਰਮ ਬਹਿਸ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਹੁਣ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਡੋਨਾਲਡ ਟਰੰਪ ਨੂੰ ਇੱਕ ਪੱਤਰ ਲਿਖਿਆ ਹੈ ਤੇ ਉਸ ਵਿਵਾਦ ਲਈ ਮੁਆਫੀ ਮੰਗੀ ਹੈ। ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨੇ ਇਹ ਦਾਅਵਾ ਕੀਤਾ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨੇ ਸੋਮਵਾਰ (10 ਮਾਰਚ) ਨੂੰ ਫੌਕਸ ਨਿਊਜ਼ ਨੂੰ ਦੱਸਿਆ: "ਜ਼ੇਲੇਂਸਕੀ ਨੇ ਰਾਸ਼ਟਰਪਤੀ ਟਰੰਪ ਨੂੰ ਇੱਕ ਪੱਤਰ ਭੇਜਿਆ ਹੈ। ਉਸ ਪੱਤਰ ਵਿੱਚ ਉਸਨੇ ਓਵਲ ਆਫਿਸ ਵਿੱਚ ਵਾਪਰੀ ਪੂਰੀ ਘਟਨਾ ਲਈ ਮੁਆਫੀ ਮੰਗੀ। ਸਟੀਵ ਨੇ ਇਸਨੂੰ ਇੱਕ ਮਹੱਤਵਪੂਰਨ ਕਦਮ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ, ਯੂਕਰੇਨੀਅਨਾਂ ਤੇ ਯੂਰਪੀਅਨਾਂ ਵਿਚਕਾਰ ਇਸ ਬਾਰੇ ਬਹੁਤ ਚਰਚਾ ਹੋਈ ਹੈ।
ਡੋਨਾਲਡ ਟਰੰਪ ਦੇ ਰਾਜਦੂਤ ਤੋਂ ਪਹਿਲਾਂ, ਟਰੰਪ ਨੇ ਖੁਦ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਦੌਰਾਨ ਕਿਹਾ ਸੀ ਕਿ ਉਨ੍ਹਾਂ ਨੂੰ ਜ਼ੇਲੇਂਸਕੀ ਤੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਇੱਕ ਪੱਤਰ ਮਿਲਿਆ ਹੈ। ਟਰੰਪ ਨੇ ਕਿਹਾ ਕਿ ਉਹ ਪੱਤਰ ਦੀ ਸ਼ਲਾਘਾ ਕਰਦੇ ਹਨ।
ਧਿਆਨ ਦੇਣ ਯੋਗ ਹੈ ਕਿ ਜ਼ੇਲੇਂਸਕੀ ਨੇ ਇਹ ਪੱਤਰ ਟਰੰਪ ਨੂੰ ਅਮਰੀਕਾ ਵੱਲੋਂ ਯੂਕਰੇਨ ਨੂੰ ਫੌਜੀ ਸਹਾਇਤਾ ਬੰਦ ਕਰਨ ਦੇ ਕੁਝ ਦਿਨ ਬਾਅਦ ਹੀ ਭੇਜਿਆ ਸੀ।
ਵ੍ਹਾਈਟ ਹਾਊਸ ਵਿਖੇ ਟਰੰਪ ਅਤੇ ਜ਼ੇਲੇਂਸਕੀ ਵਿਚਕਾਰ ਹੋਈ ਮੁਲਾਕਾਤ ਦੌਰਾਨ ਕੈਮਰੇ ਦੇ ਸਾਹਮਣੇ ਹੋਈ ਬਹਿਸ ਤੋਂ ਬਾਅਦ, ਜ਼ੇਲੇਂਸਕੀ ਨੇ ਵਿਵਾਦ 'ਤੇ ਅਫਸੋਸ ਪ੍ਰਗਟ ਕੀਤਾ ਤੇ ਕਿਹਾ ਕਿ ਉਹ ਅਮਰੀਕਾ ਨਾਲ ਖਣਿਜ ਸਮਝੌਤੇ 'ਤੇ ਦਸਤਖਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਸ ਦੌਰਾਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਸੋਮਵਾਰ (10 ਮਾਰਚ) ਨੂੰ ਜੰਗਬੰਦੀ 'ਤੇ ਚਰਚਾ ਕਰਨ ਲਈ ਸਾਊਦੀ ਅਰਬ ਪਹੁੰਚੇ। ਯੂਕਰੇਨੀ ਅਤੇ ਅਮਰੀਕੀ ਅਧਿਕਾਰੀ ਮੰਗਲਵਾਰ (11 ਮਾਰਚ) ਨੂੰ ਸਾਊਦੀ ਅਰਬ ਵਿੱਚ ਰੂਸ-ਯੂਕਰੇਨ ਯੁੱਧ ਵਿੱਚ ਸ਼ਾਂਤੀ ਲਈ ਗੱਲਬਾਤ ਕਰਨ ਵਾਲੇ ਹਨ, ਜੋ ਕਿ ਵ੍ਹਾਈਟ ਹਾਊਸ ਵਿੱਚ ਵਿਵਾਦ ਤੋਂ ਬਾਅਦ ਪਹਿਲੀ ਵਾਰ ਅਜਿਹੀ ਗੱਲਬਾਤ ਹੈ।