Ukraine-Russia Conflict: ਯੂਕਰੇਨ ਅਤੇ ਰੂਸ ਵਿਚਾਲੇ ਵਧਦੇ ਤਣਾਅ ਵਿਚਕਾਰ, ਸੋਸ਼ਲ ਮੀਡੀਆ 'ਤੇ ਯੂਕਰੇਨ ਦੇ ਨਾਗਰਿਕਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਫੋਟੋਆਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇੱਕ ਤਸਵੀਰ ਸਾਹਮਣੇ ਆਈ ਹੈ ਯੂਕਰੇਨ ਦੇ ਇੱਕ ਸਬਵੇਅ ਸਟੇਸ਼ਨ ਤੋਂ ਜਿੱਥੇ ਇੱਕ 80 ਸਾਲਾ ਵਿਅਕਤੀ ਰੂਸੀ ਹਮਲੇ ਦੇ ਖਿਲਾਫ ਲੜਨ ਲਈ ਯੂਕਰੇਨ ਦੀ ਫੌਜ ਵਿੱਚ ਸ਼ਾਮਲ ਹੋਣ ਲਈ ਆਪਣੇ ਸਮਾਨ ਸਮੇਤ ਤਿਆਰ ਹੈ। ਦਿਲ ਦਹਿਲਾਉਣ ਵਾਲੀ ਫੋਟੋ ਵਿੱਚ, ਵਿਅਕਤੀ ਇੱਕ ਛੋਟਾ ਬ੍ਰੀਫਕੇਸ ਫੜੀ ਯੂਕਰੇਨੀ ਬਲਾਂ ਦੇ ਕਰਮਚਾਰੀਆਂ ਦੇ ਨਾਲ ਖੜ੍ਹਾ ਦਿਖਾਈ ਦਿੰਦਾ ਹੈ।
2005 ਤੋਂ 2010 ਤੱਕ ਯੂਕਰੇਨ ਦੀ ਫਸਟ ਲੇਡੀ ਕੈਟੇਰੀਨਾ ਮਿਖਾਈਲੀਵਨਾ ਯੁਸ਼ਚੇਂਕੋ ਨੇ ਸ਼ੁੱਕਰਵਾਰ (25 ਫਰਵਰੀ) ਨੂੰ ਤਸਵੀਰ ਸਾਂਝੀ ਕੀਤੀ ਅਤੇ ਕਿਹਾ ਕਿ ਉਹ ਇਹ ਆਪਣੇ ਪੋਤੇ-ਪੋਤੀਆਂ ਲਈ ਕਰ ਰਿਹਾ ਹੈ।"ਕਿਸੇ ਨੇ ਇਸ 80 ਸਾਲਾ ਬਜ਼ੁਰਗ ਦੀ ਫੋਟੋ ਪੋਸਟ ਕੀਤੀ ਜੋ ਫੌਜ ਵਿੱਚ ਭਰਤੀ ਹੋਣ ਲਈ ਦਿਖਾਈ ਦੇ ਰਿਹਾ ਹੈ , ਆਪਣੇ ਨਾਲ 2 ਟੀ-ਸ਼ਰਟਾਂ, ਇੱਕ ਪੈਂਟ, ਇੱਕ ਟੁੱਥਬ੍ਰਸ਼ ਅਤੇ ਦੁਪਹਿਰ ਦੇ ਖਾਣੇ ਲਈ ਕੁਝ ਸੈਂਡਵਿਚਾਂ ਦੇ ਨਾਲ ਇੱਕ ਛੋਟਾ ਕੇਸ ਲੈ ਕੇ ਜਾ ਰਿਹਾ ਹੈ।
ਇਹ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੱਖਾਂ ਲੋਕ ਹੁਣ ਤੱਕ ਇਸ ਤਸਵੀਰ ਨੂੰ ਦੇਖ ਕੇ ਜਿੱਥੇ ਭਾਵੁਕ ਹੋ ਰਹੇ ਹਨ ਉੱਥੇ ਹੀ ਇਸ ਵਿਅਕਤੀ ਲਈ ਦੁਆਵਾਂ ਵੀ ਕਰ ਰਹੇ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੀ ਵੀ ਰਾਜਧਾਨੀ ਕੀਵ ਦੀਆਂ ਸੜਕਾਂ 'ਤੇ ਆਪਣੇ ਸਾਥੀਆਂ ਦੇ ਨਾਲ ਵੀਡੀਓ ਸਾਹਮਣੇ ਆਈ ਸੀ ਜਿਸ 'ਚ ਯੂਕਰੇਨ ਦੀ ਆਜ਼ਾਦੀ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਸੀ।